ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਦਸੰਬਰ
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਿੰਘੂ ਬਾਰਡਰ ’ਤੇ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ ਕੱਢ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਤੇ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ, ‘‘ਪਹਿਲਾਂ ਵੀ ਡਟੇ ਸੀ ਅੱਜ ਵੀ ਡਟੇ ਹਾਂ ਅਤੇ ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹਾਂਗੇ’’ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਯੂਥ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਟਰੈਕਟਰ ਮਾਰਚ ਦੀ ਅਗਵਾਈ ਕਰਦਿਆਂ ਕਿਹਾ ਕਿ ਮੋਦੀ ਨੇ ਕਾਨੂੰਨ ਰੱਦ ਕਰਨ ਦਾ ਇਕ ਤਰਫਾ ਐਲਾਨ ਕਰ ਕੇ ਸਮਝਿਆ ਸੀ ਕਿ ਬਾਕੀ ਮੰਗਾਂ ਪੂਰੀਆਂ ਕਰਵਾਏ ਬਿਨਾਂ ਕਿਸਾਨ ਵਾਪਸ ਚਲੇ ਜਾਣਗੇ ਪਰ ਇਕ ਸਾਲ ਤੋਂ ਦ੍ਰਿੜ੍ਹ ਇਰਾਦੇ ਨਾਲ ਬੈਠੇ ਕਿਸਾਨਾਂ ਨੂੰ ਆਪਣੇ 700 ਦੇ ਕਰੀਬ ਸਾਥੀਆਂ ਦੀਆਂ ਸ਼ਹੀਦੀਆਂ ਵੀ ਯਾਦ ਹਨ ਅਤੇ ਜੋ ਇਸ ਅੰਦੋਲਨ ਦੌਰਾਨ ਕਿਸਾਨਾਂ ਤੇ ਵੱਖ ਵੱਖ ਸੂਬਿਆਂ ’ਚ ਤਸ਼ੱਦਦ ਹੋਇਆ, ਪੁਲੀਸ ਕੇਸ ਦਰਜ ਹੋਏ ਉਹ ਸਾਰੇ ਮਾਮਲੇ ਬਾਕੀ ਹਨ ਇਸ ਕਰਕੇ ਹਾਲੇ ਅੰਦੋਲਨ ਬਾਕੀ ਹੈ। ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਸਰਕਾਰ ਨਾਲ ਮੰਗਾਂ ਸਬੰਧੀ ਕੋਈ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਮੋਰਚਿਆਂ ’ਤੇ ਡਟੇ ਰਹਿਣ ਅਤੇ ਪੰਜਾਬ ਵਿੱਚੋਂ ਵੀ ਜਥੇ ਪਹਿਲਾਂ ਦੀ ਤਰ੍ਹਾਂ ਆਉਣੇ ਜਾਰੀ ਰੱਖੇ ਜਾਣਗੇ। ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਤਾਜ਼ਾ ਸਥਿਤੀ ’ਤੇ ਵਿਚਾਰ ਕਰਨ ਲਈ ਹਾਜ਼ਰ ਕਿਸਾਨ ਆਗੂਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਯੁੰਕਤ ਕਿਸਾਨ ਮੋਰਚਾ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਧਮਾਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀਆਂ ਤਿੰਨ ਕਾਲ਼ੇ ਕਾਨੂੰਨ ਰੱਦ ਕਰਨ ਸਮੇਤ ਮੰਗਾਂ ਨੂੰ ਇੱਕ-ਇੱਕ ਕਰ ਕੇ ਸਰਕਾਰ ਮੰਨ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਸਿਰ ਪਾਏ ਕੇਸਾਂ, ਐੱਮਐੱਸਪੀ ਦੀ ਗਰੰਟੀ ਦੇ ਕਨੂੰਨ ਸਮੇਤ ਰਹਿੰਦੀਆਂ ਮੰਗਾਂ ਦਾ ਤੁਰੰਤ ਐਲਾਨ ਕਰੇ ਤਾਂ ਕਿ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਐਲਾਨ ਨਹੀਂ ਕਰਦੀ ਤਾਂ ਅੰਦੋਲਨ ਕਾਰੀ ਕਿਸਾਨ ਮੋਰਚਿਆਂ ’ਤੇ ਡਟੇ ਰਹਿਣਗੇ।