ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਪੰਜਾਬੀ ਪ੍ਰੋਮੋਸ਼ਨ ਫੋਰਮ (ਦਿੱਲੀ) ਵੱਲੋਂ 68ਵੇਂ ਪੰਜਾਬੀ ਸਿਖਲਾਈ ਸੈਸ਼ਨ ਦੀ ਅਰੰਭਤਾ ਕੀਰਤਨ ਅਰਦਾਸ ਨਾਲ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ, ਦੇਵ ਨਗਰ ਵਿੱਚ ਹੋਏ ਇਸ ਸਮਾਗਮ ’ਚ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਹੋਏ। ਬੁਆਇਜ਼ ਸਕੂਲ ਦੇ ਸਾਬਕਾ ਪ੍ਰਿੰਸੀਪਲ ਐੱਸਐੱਨ ਸ਼ਰਮਾ, ਗਰਲਜ਼ ਸਕੂਲ ਦੇ ਸਾਬਕਾ ਪ੍ਰਿੰਸੀਪਲ ਸੁਮਨ ਬਾਲਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਫੋਰਮ ਦੇ ਮੁੱਖ ਸੇਵਾਦਾਰ ਬੀ. ਵਰਿੰਦਰਜੀਤ ਸਿੰਘ ਨੇ ਦਿੱਲੀ, ਮੱਧ ਪ੍ਰਦੇਸ਼, ਪਟਨਾ ਸਾਹਿਬ ਅਤੇ ਸੰਨ 2000 ਤੋਂ ਲਗਾਤਾਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੈਂਪਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਨਾਲ ਹੀ ਉਨ੍ਹਾਂ ਦਿੱਲੀ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਲਗਪਗ 30 ਸੈਂਟਰਾਂ ਬਾਰੇ ਵੀ ਦੱਸਿਆ। ਸਮਾਗਮ ਦੀ ਸਮਾਪਤੀ ਉਪਰੰਤ ਸਾਰੇ ਸੈਂਟਰਾਂ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਦੀ ਬੈਠਕ ਵੀ ਹੋਈ ਜਿਸ ਵਿਚ ਸਾਰੇ ਕੈਂਪ ਦੇ ਦੌਰਾਨ ਪੜ੍ਹਾਈ ਤੇ ਪ੍ਰਬੰਧ ਬਾਰੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ ਤਾਂ ਜੋ ਸਾਰੀ ਸਰਗਰਮੀ ਸੁਚਾਰੂ ਰੂਪ ਨਾਲ ਚੱਲੇ ਤੇ ਇਸ ਤੋਂ ਸਿੱਖਿਆਰਥੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਅਰੰਭ ਵਿਚ ਫੋਰਮ ਪਰਿਵਾਰ ਨਾਲ ਸਬੰਧਤ ਵਿਛੜੀਆਂ ਸ਼ਖਸੀਅਤਾਂ ਪ੍ਰਤੀ ਅਰਦਾਸ ਕਰਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਸਰਦਾਰਨੀ ਮਹਿੰਦਰ ਕੌਰ, ਸਰਦਾਰ ਸੁੱਚਾ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰਨੀ ਪਰਮਜੀਤ ਕੌਰ, ਡਾ. ਜੀ.ਐਨ. ਸਚਦੇਵਾ, ਸਰਦਾਰ ਜਸਬੀਰ ਸਿੰਘ, ਗਿਆਨੀ ਕ੍ਰਿਪਾਲ ਸਿੰਘ, ਸਰਦਾਰਨੀ ਰੇਨੂ ਬੱਤਰਾ, ਸਰਦਾਰਨੀ ਹਰਜੀਤ ਕੌਰ, ਸਰਦਾਰਨੀ ਗੁਰਬਚਨ ਕੌਰ, ਸਰਦਾਰਨੀ ਪ੍ਰੀਤਮ ਕੌਰ, ਸਰਦਾਰ ਪ੍ਰੇਮ ਸਿੰਘ, ਬੀਬੀ ਹਰਬੰਸ ਕੌਰ ਅਤੇ ਫੋਰਮ ਦੇ ਸੰਸਥਾਪਕ, ਸਲਾਹਦਾਰ ਬੀਬੀ ਉਰਵਿੰਦਰਜੀਤ ਕੌਰ ਦਾ ਨਾਂ ਜ਼ਿਕਰਯੋਗ ਹਨ। ਜ਼ਿਕਰਯੋਗ ਹੈ ਕਿ ਫੋਰਮ ਵਲੋਂ ਇਨ੍ਹਾਂ ਸਾਰੇ ਪਤਵੰਤਿਆਂ ਦੇ ਨਾਂ ’ਤੇ ਯਾਦਗਾਰੀ ਇਨਾਮ ਦੇਣ ਦਾ ਫੈਸਲਾ ਕੀਤਾ ਗਿਆ।