ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਫਰਵਰੀ
ਦਿੱਲੀ ਯੂਨੀਵਰਸਿਟੀ ਭਲਕੇ 17 ਫਰਵਰੀ ਤੋਂ ਆਫਲਾਈਨ ਕਲਾਸਾਂ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਦਿੱਲੀ ਯੂਨੀਵਰਸਿਟੀ ਦੇ ਕਈ ਕਾਲਜਾਂ ਵੱਲੋਂ ਹਾਈਬ੍ਰਿਡ ਫਾਰਮੈਟ (ਆਨਲਾਈਨ) ਵਿੱਚ ਪਹਿਲੇ ਸਾਲ ਦੀਆਂ ਕਲਾਸਾਂ ਸ਼ੁਰੂ ਕਰਨ ਦੇ ਨਾਲ-ਨਾਲ ਦੂਜੇ ਅਤੇ ਤੀਜੇ ਸਾਲ ਦੇ ਵੀ ਕਈ ਵਿਦਿਆਰਥੀਆਂ ਨੇ ਹਾਈਬ੍ਰਿਡ ਫਾਰਮੈਟ ਵਿੱਚ ਕਲਾਸਾਂ ਆਰੰਭ ਕਰਨ ਦੀ ਮੰਗ ਕੀਤੀ ਹੈ।
ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲਾਂ ਨੇ ਕਿਹਾ ਹੈ ਕਿ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਆਯੋਜਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪ੍ਰੀਖਿਆਵਾਂ ਆਫਲਾਈਨ ਮੋਡ ਵਿੱਚ ਵੀ ਹੋਣਗੀਆਂ। ਮਿਰਾਂਡਾ ਹਾਊਸ ਨੇ ਕਿਹਾ ਹੈ ਕਿ ਇਹ ਹਾਈਬ੍ਰਿਡ ਫਾਰਮੈਟ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਕਲਾਸਾਂ ਆਯੋਜਿਤ ਹੋਣਗੀਆਂ, ਜਦੋਂਕਿ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ’ਤੇ ਹਾਜ਼ਰ ਹੋਣਾ ਪਵੇਗਾ। ਰਾਜਧਾਨੀ ਕਾਲਜ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਸਿਰਫ਼ ਆਨਲਾਈਨ ਕਲਾਸਾਂ ਲਵੇਗਾ। ਆਰੀਆਭੱਟ ਕਾਲਜ ਦੇ ਪ੍ਰਿੰਸੀਪਲ ਮਨੋਜ ਸਿਨਹਾ ਨੇ ਕਿਹਾ ਕਿ ਵਿਦਿਆਰਥੀਆਂ ’ਤੇ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਕੋਈ ਦਬਾਅ ਨਹੀਂ ਹੋਵੇਗਾ ਤੇ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਿਦਿਆਰਥੀਆਂ ਨੂੰ ਰਿਕਾਰਡ ਕੀਤੇ ਲੈਕਚਰ ਆਨਲਾਈਨ ਮੁਹੱਈਆ ਕਰਵਾਏ ਜਾ ਸਕਣ। ਹੰਸਰਾਜ ਕਾਲਜ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਹਾਈਬ੍ਰਿਡ ਮੋਡ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾਈ ਹੈ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਦਿੱਲੀ ਯੂਨੀਵਰਸਿਟੀ ਦੇ ਕਾਲਜ ਮਾਰਚ 2020 ਵਿੱਚ ਬੰਦ ਕਰ ਦਿੱਤੇ ਗਏ ਸਨ। ਯੂਨੀਵਰਸਿਟੀ ਨੇ ਪਿਛਲੇ ਸਾਲ ਫਰਵਰੀ ਵਿੱਚ ਪ੍ਰੈਕਟੀਕਲ ਸੈਸ਼ਨ ਮੁੜ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਸੀ ਪਰ ਦੂਜੀ ਲਹਿਰ ਵਿੱਚ ਕਲਾਸਾਂ ਮਾਰਚ ਵਿੱਚ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਸਤੰਬਰ ਵਿੱਚ ਯੂਨੀਵਰਸਿਟੀ ਨੇ ਅੰਤਿਮ ਸਾਲ ਦੇ ਅੰਡਰ-ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਪਰ ਹਾਜ਼ਰੀ ਬਹੁਤ ਘੱਟ ਸੀ।
ਬਾਹਰਲੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਵਧੀ
ਕੁਝ ਕਲਾਸਾਂ ਹਾਈਬ੍ਰਿਡ ਫਾਰਮੈਟ ਵਿੱਚ ਕਰਵਾਉਣ ਦੇ ਫ਼ੈਸਲੇ ਨੇ ਬਾਹਰਲੇ ਵਿਦਿਆਰਥੀਆਂ ਵਿੱਚ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਵਿਦਿਆਰਥੀ ਹੁਣ ਸਫ਼ਰ ਤੇ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਦਿੱਲੀ ਯੂਨੀਵਰਸਿਟੀ ਦੇ ਅੰਤਿਮ ਸਾਲ ਦੇ ਅੰਡਰ-ਗਰੈਜੂਏਟ ਤੇ ਪੋਸਟ-ਗਰੈਜੂਏਟ ਵਿਦਿਆਰਥੀਆਂ ਨੇ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਿਰਫ਼ ਦੋ ਮਹੀਨਿਆਂ ਲਈ ਵਾਪਸ ਨਹੀਂ ਬੁਲਾਇਆ ਜਾਣਾ ਚਾਹੀਦਾ। ਵਾਈਸ ਚਾਂਸਲਰ, ਰਜਿਸਟਰਾਰ, ਪ੍ਰੋਕਟਰ ਤੇ ਵਿਦਿਆਰਥੀ ਭਲਾਈ ਦੇ ਡੀਨ ਨੂੰ ਸੰਬੋਧਤ ਪਟੀਸ਼ਨ ’ਤੇ ਪਹਿਲਾਂ ਹੀ 40,000 ਤੋਂ ਵੱਧ ਲੋਕਾਂ ਦੁਆਰਾ ਦਸਤਖ਼ਤ ਕੀਤੇ ਜਾ ਚੁੱਕੇ ਹਨ। ਪਟੀਸ਼ਨ ਵਿੱਚ ਕਿਹਾ ਗਿਆ ਕਿ ਕਈ ਬਾਹਰਲੇ ਵਿਦਿਆਰਥੀ ਦਿੱਲੀ ਦੀ ਯਾਤਰਾ ਨੂੰ ਲੈ ਕੇ ਚਿੰਤਤ ਹਨ। ਕਿਹਾ ਗਿਆ ਹੈ ਕਿ ਤਿੰਨ ਦਿਨਾਂ ਦੀ ਲਾਜ਼ਮੀ ਆਈਸੋਲੇਸ਼ਨ ਦਾ ਮਤਲਬ ਹੈ ਕਿ ਬਾਹਰਲੇ ਵਿਦਿਆਰਥੀਆਂ ਕੋਲ ਯਾਤਰਾ ਦੀ ਯੋਜਨਾ ਬਣਾਉਣ ਅਤੇ ਦਿੱਲੀ ਪਹੁੰਚਣ ਲਈ ਸਿਰਫ ਤਿੰਨ ਚਾਰ ਦਿਨ ਹੋਣਗੇ।