ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਦਿੱਲੀ ਯੂਨੀਵਰਸਿਟੀ ਅਧੀਨ ਦਿੱਲੀ ਸਰਕਾਰ ਦੀ ਗਰਾਂਟ ਨਾਲ ਚੱਲਦੇ 12 ਕਾਲਜਾਂ ਦੇ ਪ੍ਰਬੰਧਕ ਬੀਤੇ ਦੋ ਸਾਲਾਂ ਤੋਂ ਫੰਡਾਂ ਨੂੰ ਲੈ ਕੇ ਦਿੱਲੀ ਸਰਕਾਰ ਨਾਲ ਭਿੜ ਰਹੇ ਹਨ। ਕਾਲਜਾਂ ਦੇ ਅਮਲੇ ਨੂੰ ਡਾਕਟਰੀ ਭੱਤੇ, ਪੈਨਸ਼ਨਾਂ ਲਟਕ ਕੇ ਮਿਲ ਰਹੀਆਂ ਹਨ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਆਪਣੇ ਘਰ ਚਲਾਉਣੇ ਮੁਸ਼ਕਲ ਹੋ ਗਏ ਹਨ। ਦਿੱਲੀ ਸਰਕਾਰ ਅਧੀਨ ਅਚਾਰੀਆ ਨਰਿੰਦਰ ਦੇਵ ਕਾਲਜ ਦੀ ਇੱਕ ਅਧਿਆਪਕਾ ਮਾਰਚ 2021 ਨੂੰ ਸੇਵਾਮੁਕਤ ਹੋਈ, ਜੋ ਆਪਣੀ ਪੈਨਸ਼ਨ ਉਪਰ ਹੀ ਨਿਰਭਰ ਹੈ ਤੇ ਪੈਨਸ਼ਨ ਨਾ ਮਿਲਣ ਕਰਕੇ ਉਹ ਬਚਤ ਵਿੱਚੋਂ ਖਰਚਾ ਕਰਨ ਲਈ ਮਜਬੂਰ ਹਨ। ਸੇਵਾਮੁਕਤੀ ਦੇ ਲਾਭ ਉਸ ਨੂੰ ਕਿਸ਼ਤਾਂ ਵਿੱਚ ਮਿਲ ਰਹੇ ਹਨ। ਮਹਾਰਾਜਾ ਅਗਰਸੇਨ ਕਾਲਜ ਤੋਂ ਸੇਵਾਮੁਕਤ ਹੋਏ ਹਿੰਦੀ ਦੇ ਅਧਿਆਪਕ ਨੇ ਦੱਸਿਆ ਕਿ ਉਸ ਨੂੰ ਦੋ ਸਾਲ ਬਾਅਦ ਵੀ ਗ੍ਰੈਚੁਟੀ, ਪੇਡ ਲੀਵ ਐਨਕੈਸ਼ਮੈਂਟ ਵਰਗੇ ਰਿਟਾਇਰਮੈਂਟ ਲਾਭ ਨਹੀਂ ਮਿਲੇ ਹਨ।
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਡੂਟਾ) ਦੇ ਆਭਾ ਦੇਵ ਹਬੀਬ, ਸਾਬਕਾ ਕਾਰਜਕਾਰੀ ਕੌਂਸਲ ਮੈਂਬਰ, ਦਿੱਲੀ ਯੂਨੀਵਰਸਿਟੀ ਨੇ ਦੱਸਿਆ ਕਿ ਡੂਟਾ ਦਫ਼ਤਰ ਦੇ ਅਹੁਦੇਦਾਰ ਹੋਣ ਦੇ ਨਾਤੇ ਉਹ ਮਹਾਮਾਰੀ ਦੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਅਦਾਲਤ ਵਿੱਚ ਪੇਸ਼ ਹੋ ਰਹੇ ਹਨ। ਉਸ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਪੈਦਾ ਕਰਨ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸਕੱਤਰ ਆਭਾ ਦੇਵ ਹਬੀਬ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦਿੱਲੀ ਸਰਕਾਰ ਨੇ ਘੱਟ ਗਰਾਂਟਾਂ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਤਨਖਾਹਾਂ ਮਹੀਨਿਆਂ ਤੋਂ ਬਕਾਇਆ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹਰ ਤਿਮਾਹੀ ਵਿੱਚ ਗ੍ਰਾਂਟਾਂ ਜਾਰੀ ਕਰਨ ਵਿੱਚ ਦੇਰੀ ਹੁੰਦੀ ਹੈ।
ਦਿੱਲੀ ਯੂਨੀਵਰਸਿਟੀ ਦੇ 12 ਕਾਲਜ ਪਿਛਲੇ ਦੋ ਸਾਲਾਂ ਤੋਂ ਫੰਡਾਂ ਨੂੰ ਲੈ ਕੇ ਦਿੱਲੀ ਸਰਕਾਰ ਨਾਲ ਭਿੜ ਰਹੇ ਹਨ। ਦਿੱਲੀ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਲੈਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ’ਚ ਇੰਦਰਾ ਗਾਂਧੀ ਸਰੀਰਕ ਸਿੱਖਿਆ ਤੇ ਖੇਡ ਵਿਗਿਆਨ ਸੰਸਥਾਨ, ਸ਼ਹੀਦ ਸੁਖਦੇਵ ਕਾਲਜ ਆਫ ਬਿਜ਼ਨਸ ਸਟੱਡੀਜ਼, ਸ਼ਹੀਦ ਰਾਜ ਗੁਰੂ ਕਾਲਜ, ਦੀਨ ਦਿਆਲ ਉਪਾਧਿਆਏ ਕਾਲਜ, ਡਾ. ਭੀਮ ਰਾਓ ਅੰਬੇਦਕਰ ਕਾਲਜ, ਅਚਾਰੀਆ ਨਰੇਂਦਰ ਦੇਵ ਕਾਲਜ, ਭਗਿਨੀ ਨਿਵੇਦਿਤਾ ਕਾਲਜ, ਕੇਸ਼ਵ ਮਹਾ ਵਿਦਿਆਲਿਆ, ਮਹਾਰਾਜਾ ਅਗਰਸੇਨ ਕਾਲਜ, ਅਦਿਤੀ ਮਹਾਵਿਦਿਆਲਿਆ, ਮਹਾਰਿਸ਼ੀ ਵਾਲਮੀਕਿ ਕਾਲਜ ਆਫ ਐਜੂਕੇਸ਼ਨ ਅਤੇ ਭਾਸਕਰ ਚਾਰਿਆ ਕਾਲਜ ਆਫ ਅਪਲਾਈਡ ਸਾਇੰਸ ਦੇ ਸ਼ਾਮਲ ਹਨ।
ਦਿੱਲੀ ਸਰਕਾਰ ਵੱਲੋਂ ਬਣਾਈ ਕਮੇਟੀ ਦਾ ਵਿਰੋਧ
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਡੂਟਾ) ਨੇ 12 ਯੂਨੀਵਰਸਿਟੀ ਕਾਲਜਾਂ ਨੂੰ ਫੰਡ ਜਾਰੀ ਨਾ ਕੀਤੇ ਜਾਣ ਨੂੰ ਲੈ ਕੇ ਦਿੱਲੀ ਸਰਕਾਰ ਵਿਰੁੱਧ ਆਪਣਾ ਵਿਰੋਧ ਤੇਜ਼ ਕਰਨ ਦੀ ਧਮਕੀ ਦਿੱਤੀ ਹੈ। ਡੂਟਾ ਨੇ ਕਾਲਜਾਂ ਦੁਆਰਾ ਫੰਡਾਂ ਦੀ ਵਰਤੋਂ ਦਾ ਵਿਸ਼ਲੇਸ਼ਣ ਕਰਨ ਲਈ ਸਰਕਾਰ ਦੁਆਰਾ ਇੱਕ ਕਮੇਟੀ ਦੇ ਗਠਨ ’ਤੇ ਵੀ ਸਵਾਲ ਉਠਾਏ। ਡੂਟਾ ਦੇ ਪ੍ਰਧਾਨ ਏਕੇ ਭਾਗੀ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਮੇਟੀ ਦੇ ਗਠਨ ਦਾ ਕੀ ਮਤਲਬ ਹੈ? ਕਮੇਟੀ ਉਹ ਚੀਜ਼ਾਂ ਲੱਭੇਗੀ, ਜੋ ਕਾਲਜਾਂ ਦੁਆਰਾ ਆਪਣੇ ਬਜਟਾਂ ਰਾਹੀਂ ਪਹਿਲਾਂ ਹੀ ਪੇਸ਼ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਗਵਰਨਿੰਗ ਬਾਡੀਜ਼ ਦੁਆਰਾ ਪ੍ਰਵਾਣਿਤ ਹਨ, ਜੋ ਆਮ ਆਦਮੀ ਪਾਰਟੀ ਦੇ ਚੁਣੇ ਗਏ ਮੈਂਬਰ ਹਨ।