ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਦਸੰਬਰ
ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਉਪਰ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਕਿਸਾਨਾਂ ਨੂੰ ਠੰਢ ਦਾ ਕੋਈ ਅਸਰ ਨਹੀਂ ਹੋ ਰਿਹਾ ਜਦੋਂਕਿ ਪਾਰਾ 4 ਡਿਗਰੀ ਤੋਂ ਹੇਠਾਂ ਹੈ। ਇਥੋਂ ਤੱਕ ਕਿ ਸ਼ਹਿਰ ’ਚ ਇਸ ਮੌਸਮ ਵਿਚ ਸਭ ਤੋਂ ਵੱਧ ਠੰਢਾ ਦਿਨ ਰਿਕਾਰਡ ਕੀਤਾ ਗਿਆ, ਜਿਸ ਦੌਰਾਨ ਪਾਰਾ ਐਤਵਾਰ ਨੂੰ 3.4 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ। ਹੁਣ ਦਿੱਲੀ ਦੇ ਲੋਕ ਵੀ ਧਰਨਾ ਦੇ ਰਹੇ ਕਿਸਾਨਾਂ ਲਈ ਗਰਮ ਕੱਪੜੇ ਵੱਡੀ ਗਿਣਤੀ ਵਿੱਚ ਲੈ ਕੇ ਪਹੁੰਚਣ ਲੱਗੇ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਫਦਰਜੰਗ ਆਬਜ਼ਰਵੇਟਰੀ, ਜੋ ਸ਼ਹਿਰ ਲਈ ਪ੍ਰਤੀਨਿਧੀ ਆਂਕੜੇ ਮੁਹੱਈਆ ਕਰਵਾਉਂਦੀ ਹੈ ਵਿਚ ਐਤਵਾਰ ਸਵੇਰੇ ਘੱਟੋ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਅਧਿਕਾਰੀ ਨੇ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ ਲਗਪਗ 22 ਡਿਗਰੀ ਸੈਲਸੀਅਸ ਰਿਕਾਰਡ ਕੀਤਾ।
ਚੌਥੇ ਹਫਤੇ ਦਾਖਲ ਹੋਏ ਕਿਸਾਨਾਂ ਦੇ ਅੰਦੋਲਨ ਤੋਂ ਹੀ ਦਿੱਲੀ ਟਰੈਫਿਕ ਪੁਲੀਸ ਟਵਿੱਟਰ ’ਤੇ ਯਾਤਰੀਆਂ ਨੂੰ ਕੁਝ ਸੜਕਾਂ ਦੇ ਬੰਦ ਹੋਣ ਬਾਰੇ ਸੁਚੇਤ ਕਰਨ ਲਈ ਨਿਰੰਤਰ ਅਪਡੇਟ ਦਿੰਦੀ ਰਹੀ ਹੈ ਤੇ ਉਨ੍ਹਾਂ ਨੂੰ ਬਦਲਵੇਂ ਰਸਤੇ ਜਾਣ ਦਾ ਸੁਝਾਅ ਦੇ ਰਹੀ ਹੈ। ਟਰੈਫਿਕ ਪੁਲੀਸ ਅਨੁਸਾਰ ਟਿਕਰੀ ਤੇ ਧਨਸਾ ਬਾਰਡਰ ਆਵਾਜਾਈ ਲਈ ਬੰਦ ਹਨ। ਝਟਿਕਰਾ ਬਾਰਡਰ ਸਿਰਫ ਦੋਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਲਈ ਖੁੱਲ੍ਹਾ ਹੈ। ਹਾਲਾਂਕਿ ਹਰਿਆਣਾ ਵਾਲਿਆਂ ਲਈ ਦਿੱਲੀ ਟਰੈਫਿਕ ਪੁਲੀਸ ਨੇ ਕਿਹਾ ਕਿ ਝਾਰੌਦਾ ਬਾਰਡਰ (ਸਿਰਫ ਇਕੱਲੇ ਕੈਰੇਜਵੇਅ ਲਈ), ਦੌਰਾਲਾ, ਕਾਪਾਸਹੇੜਾ, ਬਡੂਸਰਾਏ, ਰਾਜੋਕਰੀ ਐੱਨ.ਐੱਚ .8, ਬਿਜਵਾਸਨ/ਬਾਜਘੇਰਾ, ਪਾਲਮ ਵਿਹਾਰ ਤੇ ਡੁੰਡੇਹੇਰਾ ਸਰਹੱਦਾਂ ਖੁੱਲ੍ਹੀਆਂ ਹਨ। ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਗਾਜ਼ੀਪੁਰ ਸਰਹੱਦ ਨੋਇਡਾ ਤੇ ਗਾਜ਼ੀਆਬਾਦ ਤੋਂ ਆਉਣ ਵਾਲੀ ਆਵਾਜਾਈ ਲਈ ਬੰਦ ਹੈ। ਦਿੱਲੀ ਜਾਣ ਵਾਲੇ ਲੋਕ ਅਨੰਦ ਵਿਹਾਰ, ਡੀਐੱਨਡੀ, ਅਪਸਰਾ ਤੇ ਭੋਪਰਾ ਹੱਦਾਂ ਰਾਹੀਂ ਬਦਲਵੇਂ ਰਸਤੇ ਲੈ ਸਕਦੇ ਹਨ। ਨੋਇਡਾ ਤੇ ਦਿੱਲੀ ਦੇ ਵਿਚਕਾਰ ਚਿਲਾ ਸਰਹੱਦ ਆਵਾਜਾਈ ਲਈ ਖੁੱਲੀ ਹੈਪਰ ਸਿਰਫ ਇੱਕ ਕੈਰੇਜਵੇਅ ਲਈ ਹੈ। ਟਰੈਫਿਕ ਪੁਲੀਸ ਦੇ ਅਨੁਸਾਰ ਸਿੰਧੂ, ਅਚੰਡੀ, ਪਿਆਨੂ ਮਨਿਆਰੀ, ਸਭੋਲੀ ਅਤੇ ਮੰਗੇਸ਼ ਸਰਹੱਦਾਂ ਬੰਦ ਹਨ ਤੇ ਯਾਤਰੀਆਂ ਨੂੰ ਲਾਮਪੁਰ, ਸਫੀਆਬਾਦ ਤੇ ਸਿੰਘੂ ਸਕੂਲ ਟੋਲ ਟੈਕਸ ਸਰਹੱਦਾਂ ਰਾਹੀਂ ਬਦਲਵੇਂ ਰਸਤੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ।
ਬਿਰੇਂਦਰ ਸਿੰਘ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣਾ ਢਕਵੰਜ ਕਰਾਰ
ਜੀਂਦ (ਪੱਤਰ ਪ੍ਰੇਰਕ): ਉਚਾਨਾ ਵਿਕਾਸ ਸੰਘਰਸ਼ ਸਮਿਤੀ ਦੇ ਪ੍ਰਧਾਨ ਅਨੁਰਾਗ ਖਟਕੜ ਨੇ ਕਿਹਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਕਿਸਾਨਾਂ ਦਾ ਸਮਰਥਨ ਕਰਨ ਦਾ ਢੌਂਗ ਕਰ ਰਹੇ ਹਨ। ਜੇਕਰ ਬਿਰੇਂਦਰ ਸਿੰਘ ਕਿਸਾਨਾਂ ਦੇ ਅਸਲੀ ਸਮਰਥਕ ਹਨ ਤਾਂ ਉਹ ਆਪਣੇ ਪੁੱਤਰ ਸੰਸਦ ਬਰਜਿੰਦਰ ਸਿੰਘ ਦਾ ਅਸਤੀਫ਼ਾ ਲੈ ਕੇ ਕਿਸਾਨਾਂ ਵਿੱਚ ਜਾਣ। ਅਨੁਰਾਗ ਖਟਕੜ ਨੇ ਕਿਹਾ ਕਿ ਸਾਂਪਲਾ ਵਿੱਚ ਚੌਧਰੀ ਛੋਟੂ ਰਾਮ ਦੇ ਬੁੱਤ ਦੇ ਹੇਠਾਂ ਧਰਨਾ ਦੇਣਾ ਕੋਰੀ ਰਾਜਨੀਤੀ ਹੈ, 21ਵੀਂ ਸਦੀ ਦੇ ਲੋਕੀ ਅੱਜ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਿਰੇਂਦਰ ਸਿੰਘ ਸਰਕਾਰ ਦੇ ਗੁਪਤਚਰ ਬਣਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।