ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਤੋਂ ਹੀ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਠੰਢ ਨੇ ਕਾਂਬਾ ਛੇੜ ਦਿੱਤਾ। ਦਿੱਲੀ ਦਾ ਘੱਟੋ-ਘੱਟ ਤਾਪਮਾਨ 10.9 ਡਿਗਰੀ ਤੱਕ ਪਹੁੰਚ ਗਿਆ। ਹਾਲਾਂ ਕਿ ਮੌਸਮ ਮਹਿਕਮੇ ਵੱਲੋਂ ਦੱਸਿਆ ਗਿਆ ਕਿ ਇਹ ਤਾਪਮਾਨ ਆਮ ਦਿਨਾਂ ਦੇ ਪਾਰੇ ਨਾਲੋਂ 4 ਡਿਗਰੀ ਵੱਧ ਸੀ ਪਰ ਸਰਦ ਹਵਾਵਾਂ ਵਗਣ ਕਰਕੇ ਲੋਕਾਂ ਨੇ ਠੰਢ ਮਹਿਸੂਸ ਕੀਤੀ। ਮੌਸਮ ਮਹਿਕਮੇ ਨੇ ਕਿਹਾ ਕਿ ਪੱਛਮੀ ਗੜਬੜੀਆਂ ਕਾਰਨ 9 ਜਨਵਰੀ ਤੱਕ ਦਿੱਲੀ ਵਿੱਚ ਅਸਮਾਨ ਉਪਰ ਬੱਦਲਵਾਈ ਤੇ ਹਲਕਾ ਮੀਂਹ ਪੈਂਦਾ ਰਹਿਣ ਦੇ ਆਸਾਰ ਹਨ। 9 ਜਨਵਰੀ ਤੱਕ ਘੱਟੋ-ਘੱਟ ਤਾਪਮਾਨ 10-13 ਡਿਗਰੀ ਤੱਕ ਰਹੇਗਾ। ਹਾਲਾਂਕਿ ਬੀਤੇ ਦਿਨਾਂ ਵਰਗੀ ਸੀਤ ਲਹਿਰ ਅੱਗੇ ਜਾਰੀ ਨਹੀਂ ਰਹੇਗੀ। ਮੌਸਮ ਵਿਭਾਗ ਅਨੁਸਾਰ ਅਗਲੇ 6-7 ਦਿਨਾਂ ਤੱਕ ਉੱਤਰੀ ਭਾਰਤ ਵਿੱਚ ਸੀਤ ਲਹਿਰ ਦੇ ਹਾਲਾਤ ਨਹੀਂ ਰਹਿਣਗੇ।
ਬਾਰਿਸ਼ ਫਸਲਾਂ ਲਈ ਲਾਹੇਵੰਦ; ਕਿਸਾਨ ਬਾਗੋਬਾਗ਼
ਟੋਹਾਣਾ (ਪੱਤਰ ਪ੍ਰੇਰਕ): ਸਵੇਰੇ ਤਿੰਨ ਵਜੇ ਤੋਂ ਸ਼ੁਰੂ ਹੋਈ ਹਲਕੀ ਬਾਰਿਸ਼ ਦੇਰ ਰਾਤ ਤਕ ਜਾਰੀ ਰਹਿਣ ਕਾਰਨ ਪਾਰਾ ਡਿੱਗ ਗਿਆ ਹੈ। ਮੀਂਹ ਨਾਲ ਸਰਦੀ ਵਧ ਗਈ ਹੈ ਅਤੇ ਖੇਤੀ ਮਾਹਿਰਾਂ ਨੇ ਕਣਕ, ਛੋਲੇ ਤੇ ਸਰ੍ਹੋਂ ਦੀਆਂ ਫ਼ਸਲਾਂ ਲਈ ਸਰਦੀਆਂ ਦੀ ਬਾਰਿਸ਼ ਨੂੰ ਵਧੇਰੇ ਲਾਭਕਾਰੀ ਦੱਸਿਆ ਹੈ। ਖੇਤੀ ਵਰਸਿਟੀ ਹਿਸਾਰ ਦੇ ਮੌਸਮ ਵਿਭਾਗ ਵੱਲੋਂ ਮੌਸਮ ਸਬੰਧੀ ਭਵਿੱਖਬਾਣੀ ਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਦੁਧਾਰੂ ਮੱਝਾਂ, ਗਾਵਾਂ ਤੇ ਕੱਟੜੂਆਂ ਦੀ ਸੰਭਾਲ ਲਈ ਨੁਕਤੇ ਸਾਂਝੇ ਕੀਤੇ ਹਨ।