ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਇੱਕ ਪਾਸੇ ਦੁਨੀਆ ਭਰ ਵਿੱਚ ਕਰੋਨਾਵਾਇਰਸ ਨੇ ਹਾਹਾਕਾਰ ਮਚਾ ਰੱਖੀ ਹੈ ਤੇ ਪਰਿਵਾਰਾਂ ਦੇ ਪਰਿਵਾਰ ਮੁਸੀਬਤ ਵਿੱਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਿਹਤਮੰਦ ਲੋਕ ਵੀ ਕਰੋਨਾ ਦੀ ਲਪੇਟ ਵਿੱਚ ਆ ਕੇ ਜਾਨਾਂ ਗੁਆ ਰਹੇ ਹਨ। ਅਜਿਹੇ ਦਰਦਨਾਕ ਮੰਜ਼ਰਾਂ ਦਰਮਿਆਨ ਅਜਿਹੇ ਲਾਲਚੀ ਲੋਕ ਵੀ ਹਨ, ਜੋ ਦਰਦ ਭਰੇ ਮਾਹੌਲ ਵਿੱਚ ਪੈਸੇ ਨੂੰ ਤਰਜੀਹ ਦਿੰਦੇ ਹੋਏ ਸ਼ਮਸ਼ਾਨ ਦਾ ਸਾਮਾਨ ਵੇਚਣ ਲਈ ਹਸਪਤਾਲਾਂ ਦੇ ਦਰਾਂ ਉਪਰ ਪੁੱਜ ਜਾਣ ਤਾਂ ਇਸ ਤੋਂ ਮਾੜੀ ਮਾਨਸਿਕਤਾ ਦੀ ਉਦਾਹਰਣ ਹੋਰ ਕੀ ਹੋ ਸਕਦੀ ਹੈ।
ਅਜਿਹਾ ਘਿਣਾਉਣਾ ਮੰਜ਼ਰ ਰੋਹਿਣੀ ਦੇ ਸੈਕਟਰ-6 ਦੇ ਬਾਬਾ ਸਾਹਿਬ ਅੰਬੇਦਕਰ ਹਸਪਤਾਲ ਦੇ ਬਾਹਰ ਦੇਖਿਆ ਜਾ ਸਕਦਾ ਹੈ, ਜਿੱਥੇ ਲਾਲਚ ਵੱਸ ਇਕ ਦੁਕਾਨ ਹਸਪਤਾਲ ਦੇ ਗੇਟ ਕੋਲ ਖੋਲ੍ਹ ਰੱਖੀ ਹੈ। ਰੋਹਿਣੀ ਜ਼ਿਲ੍ਹੇ ਦਾ ਇਹ ਵੱਡਾ ਸਰਕਾਰੀ ਹਸਪਤਾਲ ਹੈ, ਜਿੱਥੇ ਕਰੋਨਾਵਾਇਰਸ ਦੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਤ ਇਹ ਹਨ ਕਿ ਇੱਥੋਂ ਰੋਜ਼ਾਨਾ ਹੀ ਕਰੋਨਾ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਨਿਕਲਦੀਆਂ ਹਨ ਕਿਉਂਕਿ ਮਰੀਜ਼ ਕਰੋਨਾ ਕਾਰਨ ਦਮ ਤੋੜ ਜਾਂਦੇ ਹਨ। ਦੁਕਾਨ ਬਕਾਇਦਾ 24 ਘੰਟੇ ਖੋਲ੍ਹਣ ਬਾਰੇ ਲਿਖਿਆ ਹੋਇਆ ਹੈ। ਬਾਸਾਂ ਤੇ ਸਲਵਾੜ ਦੀਆਂ ਬਣੀਆਂ-ਬਣਾਈਆਂ ਅਰਥੀਆਂ ਵੀ ਉੱਥੇ ਰੱਖੀਆਂ ਹੋਈਆਂ ਹਨ। ਹੋਰ ਸਾਮਾਨ ਜੋ ਸੰਸਕਾਰ ਮੌਕੇ ਇਸਤੇਮਾਲ ਹੁੰਦਾ ਹੈ, ਉਹ ਵੀ ਹਸਪਤਾਲ ਦੇ ਬਾਹਰਵਾਰ ਗੇਟ ਕੋਲ ਹੀ ਮਿਲਦਾ ਦੇਖ ਕੇ ਮਰੀਜ਼ਾਂ ਦੇ ਨਾਲ ਆਏ ਲੋਕਾਂ ਦਾ ਦਿਲ ਕੰਬ ਉੱਠਦਾ ਹੈ। ਲੋਕ ਇਸ ਦੁਕਾਨ ਦੇ ਮੂਹਰਿਓਂ ਰੋਣ ਹਾਕੇ ਹੋ ਕੇ ਨਿਕਲਦੇ ਹਨ। ਇਸ ਦੁਕਾਨ ਨੂੰ ਹਟਾਉਣ ਲਈ ਨਾ ਤਾਂ ਹਸਪਤਾਲ ਪ੍ਰਬੰਧਕਾਂ ਨੇ ਹੀ ਕੋਈ ਕਾਰਵਾਈ ਕੀਤੀ ਤੇ ਨਾ ਹੀ ਦਿੱਲੀ ਪੁਲੀਸ ਜਾਂ ਨਗਰ ਨਿਗਮ ਦੇ ਅਮਲੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ।