ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਐੱਨਸੀਆਰ ਵਿੱਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਅੱਜ ਸਬੰਧਤ ਰਾਜ ਸਰਕਾਰਾਂ ਨੂੰ ਇਸ ਸਾਲ 31 ਦਸੰਬਰ ਤੋਂ ਕੋਲੇ ਦੀ ਵਰਤੋਂ ਨੂੰ ਪੜਾਅਵਾਰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਪਹਿਲੀ ਜਨਵਰੀ 2023 ਤੋਂ ਦਿੱਲੀ ਐਨਸੀਆਰ ਵਿੱਚ ਬਾਲਣ ਦੇ ਤੌਰ ’ਤੇ ਕੋਲੇ ਦੀ ਵਰਤੋਂ ਉਤੇ ਪਾਬੰਦੀ ਲਗਾਉਣ ਲਈ ਹਵਾ ਗੁਣਵੱਤਾ ਪੈਨਲ ਦਾ ਕਦਮ ਕੁਦਰਤੀ ਗੈਸ ਤੇ ਬਾਇਓਮਾਸ ਵਰਗੇ ਸਾਫ਼ ਈਂਧਨ ਨੂੰ ਬਦਲਣ ਲਈ ਸਾਲਾਨਾ 1.7 ਮਿਲੀਅਨ ਟਨ ਕੋਲੇ ਦੀ ਬਚਤ ਵਿੱਚ ਮਦਦ ਕਰੇਗਾ। ਹਾਲਾਂਕਿ ਐੱਨਸੀਆਰ ਵਿੱਚ ਥਰਮਲ ਪਾਵਰ ਪਲਾਂਟਾਂ ਨੂੰ ਘੱਟ ਸਲਫਰ ਕੋਲੇ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਐੱਨਸੀਆਰ ਰਾਜ ਸਰਕਾਰਾਂ ਤੇ ਦਿੱਲੀ ਦੀ ਐੱਨਸੀਟੀ ਸਰਕਾਰ ਨੂੰ ਕੋਲੇ ਨੂੰ ਪੜਾਅਵਾਰ ਬਾਹਰ ਕੱਢਣ ਦੀ ਸਲਾਹ ਦਿੱਤੀ ਗਈ ਹੈ। ਕੋਲੇ ਦੀ ਵਰਤੋਂ ’ਤੇ ਉਪਰੋਕਤ ਪਾਬੰਦੀਆਂ ਲਾਗੂ ਹੋਣਗੀਆਂ।