ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਦਿੱਲੀ ਸਰਕਾਰ ਵੱਲੋਂ ਡੇਂਗੂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘10 ਹਫਤੇ, 10 ਵਜੇ, 10 ਮਿੰਟ, ਹਰ ਐਤਵਾਰ ਡੇਂਗੂ ਪਰ ਵਾਰ’ ਦੇ ਤਹਿਤ ਇਸ ਹਫ਼ਤੇ ਦਿੱਲੀ ਦੇ ਸਾਰੇ ਬੱਚੇ ਉਤਸ਼ਾਹ ਨਾਲ ਹਿੱਸਾ ਲੈਣਗੇ। ਇਹ ਬੱਚੇ ਆਪਣੇ ਘਰ ਤੇ ਆਲੇ ਦੁਆਲੇ ਇਕੱਠੇ ਹੋਏ ਸਾਫ਼ ਪਾਣੀ ਦੀ ਜਾਂਚ ਕਰ ਕੇ ਤੇ ਆਪਣੇ ਦੋਸਤਾਂ ਨੂੰ ਬੁਲਾ ਕੇ ਡੇਂਗੂ ਵਿਰੋਧੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਬੱਚਿਆਂ ਨੂੰ ਇਸ ਮੁਹਿੰਮ ਵਿੱਚ ਜੋਸ਼ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਸਾਨੂੰ ਆਪਣੀ ਦਿੱਲੀ ਨੂੰ ਡੇਂਗੂ ਤੋਂ ਬਚਾਉਣ ਲਈ ਹਰ ਐਤਵਾਰ 10 ਮਿੰਟ ਦਾ ਹੋਮਵਰਕ ਕਰਨਾ ਪਵੇਗਾ। ਇਸ ਹੋਮਵਰਕ ਵਿੱਚ ਸਾਨੂੰ ਇਹ ਜਾਂਚਣਾ ਪਏਗਾ ਕਿ ਸਾਡੇ ਘਰ ਅਤੇ ਆਲੇ ਦੁਆਲੇ ਵਿੱਚ ਸਾਫ਼ ਪਾਣੀ ਇਕੱਠਾ ਹੈ। ਜੇ ਇਹ ਹੈ ਤਾਂ ਇਸਨੂੰ ਡੋਲ੍ਹ ਦਿਓ, ਇਸਨੂੰ ਬਦਲੋ ਜਾਂ ਇਸ ਵਿੱਚ ਤੇਲ ਪਾਓ। ਨਾਲ ਹੀ ਆਪਣੇ ਦੋਸਤਾਂ ਨੂੰ ਕਾਲ ਕਰੋ ਤੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਹੋ। ਇਸ ਹਫ਼ਤੇ ਦਿੱਲੀ ਸਰਕਾਰ ਵੱਲੋਂ ਡੇਂਗੂ ਵਿਰੁੱਧ ਮੁਹਿੰਮ ਦਾ ਥੀਮ ‘ਦਿੱਲੀ ਦੇ ਬੱਚੇ’ ਹੈ ਤੇ ਥੀਮ ‘ਆਓ ਬੱਚੇ ਡੇਂਗੂ ਨੂੰ ਸਬਕ ਸਿਖਾਉ, 10 ਸੇਫਟੀ, 10 ਵਜੇ, 10 ਮਿੰਟ ਅਪਣਾਉਣ’ ਅਤੇ ‘10 ਵਜੇ, 10 ਸੇਫਟੇ, ‘10 ਮਿੰਟ, ਹਰ ਐਤਵਾਰ ਡੇਂਗੂ ਕੇ ਵਾਰ, ਪਿਆਰੇ ਬੱਚੇ ਹੋ ਤਿਆਰ, ਡੇਂਗੂ ਪੇਅ ਕਰਨ ਕੋ ਵਾਰ’ ਨੂੰ ਟੈਗ ਲਾਈਨ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ, ‘ਆਓ ਆਪਣੀ ਪਿਆਰੀ ਦਿੱਲੀ ਨੂੰ ਡੇਂਗੂ ਤੋਂ ਬਚਾ ਸਕੀਏ’। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਡੇਂਗੂ ਦੇ ਖਾਤਮੇ ਲਈ ‘10 ਹਫਤੇ, 10 ਵਜੇ, 10 ਮਿੰਟ’ ਮੁਹਿੰਮ ਚਲਾਈ ਹੈ। ਦਿੱਲੀ ਸਰਕਾਰ ਦੇ ਸਾਰੇ ਮੰਤਰੀ ਵਿਧਾਇਕ ਅਤੇ ਅਧਿਕਾਰੀ ਵੀ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ ਤੇ ਹਰ ਐਤਵਾਰ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਮ੍ਹਾਂ ਹੋਏ ਪਾਣੀ ਦੀ ਸਫਾਈ ਕਰ ਰਹੇ ਹਨ। ਡੇਂਗੂ ਦੇ ਵੱਧ ਤੋਂ ਵੱਧ ਮਾਮਲੇ ਹਰ ਸਾਲ 1 ਸਤੰਬਰ ਤੋਂ 15 ਨਵੰਬਰ ਦਰਮਿਆਨ ਸਾਹਮਣੇ ਆਉਂਦੇ ਹਨ। ਡੇਂਗੂ ਮੱਛਰ ਸਿਰਫ ਸਾਫ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਡੇਂਗੂ ਦੇ ਅੰਡੇ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ ਤੇ ਉਹ ਅੰਡੇ 8 ਤੋਂ 10 ਦਿਨਾਂ ਦੇ ਅੰਦਰ ਮੱਛਰਾਂ ਵਿੱਚ ਬਦਲ ਜਾਂਦੇ ਹਨ। ਜੇ ਅਸੀਂ ਉਸ ਪਾਣੀ ਨੂੰ 8 ਦਿਨਾਂ ਤੋਂ ਪਹਿਲਾਂ ਬਦਲ ਦਿੰਦੇ ਹਾਂ ਤੇ ਉਸ ਅੰਡੇ ਨੂੰ ਨਸ਼ਟ ਕਰ ਦਿੰਦੇ ਹਾਂ ਤਾਂ ਮੱਛਰ ਪੈਦਾ ਨਹੀਂ ਹੋਣਗੇ।
ਡੇਂਗੂ ਦੀ ਰੋਕਥਾਮ ਬਾਰੇ ਪਟੀਸ਼ਨ ਦਾਇਰ
ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਪਾਣੀ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਤੇ ਡੇਂਗੂ ਦੀ ਢੁੱਕਵੀਂ ਰੋਕਥਾਮ ਲਈ ਅਦਾਲਤ ਤੋਂ ਦਖ਼ਲ ਮੰਗਿਆ ਗਿਆ ਹੈ। ਪਟੀਸ਼ਨ ਵਿੱਚ ਦਿੱਲੀ ਸਰਕਾਰ ਦੇ ਅਧਿਕਾਰੀਆਂ ਵੱਲੋਂ ਡੇਂਗੂ ਦੀ ਰੋਕਥਾਮ ਲਈ ਪੁੱਟੇ ਗਏ ਕਦਮਾਂ ਨੂੰ ਨਾਕਾਫੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਦਿੱਲੀ ਸਰਕਾਰ ਦੀ ਨਾਕਾਮੀ ਬਾਰੇ ਪਾਈ ਇਹ ਪਟੀਸ਼ਨ ਮਨਜ਼ੂਰ ਕਰ ਲਈ ਹੈ। ਵਕੀਲ ਅਰਪਿਤ ਭਾਰਗਵ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਅਮਿਤ ਬਾਂਸਲ ਦੇ ਬੈਂਚ ਸਾਹਮਣੇ ਪੇਸ਼ ਹੋਏ ਅਤੇ ਕਿਹਾ ਕਿ ਅਦਾਲਤ ਨੂੰ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, “ਸਾਨੂੰ ਫੈਜ਼ਾਬਾਦ ਦੀ ਸਥਿਤੀ ਨੂੰ ਦੁਹਰਾਉਣਾ ਨਹੀਂ ਚਾਹੀਦਾ, ਕਿਉਂਕਿ ਡੇਂਗੂ ਕਾਰਨ ਉੱਥੇ ਬੱਚੇ ਮਰ ਰਹੇ ਹਨ।” ਅਰਜ਼ੀ ਵਿੱਚ ਵੇਰਵੇ ਦਿੱਤੇ ਗਏ ਹਨ ਕਿ ਕਿਵੇਂ ਦਿੱਲੀ ਸਰਕਾਰ ਡੇਂਗੂ ਦੇ ਫੈਲਣ ਦੇ ਸੰਬੰਧ ਵਿੱਚ ਹਾਈ ਕੋਰਟ ਵਿੱਚ ਪਹਿਲਾਂ ਪਾਸ ਕੀਤੇ ਗਏ ਆਦੇਸ਼ਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ।