ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ , ਧਰਮ ਪ੍ਰਚਾਰ ਦੇ ਚੇਅਰਮੈਨ ਦਲੀਪ ਸਿੰਘ ਸੇਠੀ ਸਮੇਤ ਸਮੁੱਚੀ ਕਮੇਟੀ ਦੇ ਯਤਨਾਂ ਸਦਕਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਮੇਂ-ਸਮੇਂ ’ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਲੜੀ ਤਹਿਤ ਸੁਖਮਨੀ ਸਾਹਿਬ ਦੇ ਪਾਠ ਬਿਨਾਂ ਗੁਟਕੇ ਦੇ ਸੰਗਤਾਂ ਨੂੰ ਸਰਵਣ ਕਰਵਾਏ ਗਏ। ਸੁਖਮਨੀ ਸਾਹਿਬ ਪਾਠ ਕੰਠ ਸੁਣਾਉਣ ਵਾਲੇ ਬੱਚਿਆਂ ਨੂੰ ਹਰਮਨਜੀਤ ਸਿੰਘ ਅਤੇ ਭੁਪਿੰਦਰ ਸਿੰਘ ਬਾਵਾ ਦੀ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਇਸ ਨਾਲ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਹੋਵੇਗੀ ਅਤੇ ਬੱਚੇ ਹੋਰ ਵੱਧ ਚੜ੍ਹ ਕੇ ਪ੍ਰੋਗਰਾਮ ਵਿਚ ਹਿੱਸਾ ਲੈ ਸਕਣਗੇ। ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਬੀਬੀ ਹਰਜੀਤ ਕੌਰ ਦੇ ਯਤਨਾਂ ਨਾਲ ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਵਿਚ ਗੁਰਮਤਿ ਕੈਂਪ ਚਲਾਇਆ ਜਾ ਰਿਹਾ ਸੀ ਜਿਸ ਵਿਚ ਗੁਰਬਾਣੀ ਕੰਠ ਦੀ ਸਿੱਖਿਆ ਵੀ ਦਿੱਤੀ ਗਈ ਅਤੇ ਉਸੇ ਦੇ ਸਿੱਟੇ ਵਜੋਂ ਬੱਚਿਆਂ ਨੇ ਗੁਰਬਾਣੀ ਕੰਠ ਕਰਕੇ ਸੁਣਾਈ। ਇਸ ਮੌਕੇ 24 ਬੱਚੇ ਅਗਲੇ ਮਿਸ਼ਨ ਲਈ ਚੁਣੇ ਗਏ ਜਿਨ੍ਹਾਂ ਵੱਲੋਂ ਗੁਰਦੁਆਰੇ ਤੋਂ ਲਾਈਵ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਸੰਗਤਾਂ ਨੂੰ ਸਰਵਣ ਕਰਵਾਏ ਗਏ। ਇੱਕ ਬੱਚੇ ਵੱਲੋਂ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਪਾਠ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਦੀ ਵੀ ਅਹਿਮ ਭੂਮਿਕਾ ਰਹੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸਿਖਲਾਈ ਲਈ ਰੁਜ਼ਾਨਾ ਗੁਰਦੁਆਰੇ ਭੇਜਿਆ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ । ਉਨ੍ਹਾਂ ਕਿਹਾ ਜਿਨ੍ਹਾਂ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਬਾਣੀ ਕੰਠ ਹੋ ਜਾਏ ਉਹ ਪੂਰੀ ਜ਼ਿੰਦਗੀ ਉਸ ਨੂੰ ਨਹੀਂ ਭੁੱਲਦੇ।