ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ 98 ਫ਼ੀਸਦ ਆਏ ਨਤੀਜਿਆਂ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸਾਰੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ 98 ਫ਼ੀਸਦ ਨਤੀਜੇ ਲਿਆ ਕੇ ਹੈਰਾਨ ਕਰ ਦਿੱਤਾ ਹੈ।
ਦਿੱਲੀ ’ਚ ਪ੍ਰਾਈਵੇਟ ਸਕੂਲਾਂ ਦੇ 92.2 ਫ਼ੀਸਦ ਤੇ ਸਰਕਾਰੀ ਸਕੂਲਾਂ ਦੇ 97.90 ਫ਼ੀਸਦ ਨਤੀਜੇ ਆਏ ਹਨ। ਜਦੋਂ ਤੋਂ ਦਿੱਲੀ ’ਚ ‘ਆਪ’ ਦੀ ਸਰਕਾਰ ਬਣੀ ਹੈ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। 2016 ’ਚ 88.9, 2017 ’ਚ 90, 2019 ’ਚ 94 ਤੇ ਇਸ ਸਾਲ 98 ਫ਼ੀਸਦ ਨਤੀਜੇ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੀ ਭਾਵਨਾ ਬਦਲ ਦਿੱਤੀ ਹੈ। ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਾਡੇ ਸਕੂਲਾਂ ’ਚ ਅਜਿਹੇ ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਦੀ ਪਹਿਲੀ ਪੀੜ੍ਹੀ ਘਰ ਪੜ੍ਹ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 12 ਵੀਂ ਜਮਾਤ ਦਾ ਨਤੀਜਾ 98 ਫ਼ੀਸਦ ਰਿਹਾ ਹੈ ਤੇ ਭਾਰਤ ਦੇ 70 ਸਾਲਾਂ ਦੇ ਇਤਿਹਾਸ ’ਚ ਇਕ ਵੀ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਨਤੀਜੇ 98 ਫ਼ੀਸਦ ਨਹੀਂ ਹਨ। ਇਸ ਵਾਰ ਪ੍ਰਾਈਵੇਟ ਸਕੂਲਾਂ ਦਾ 92.2 ਫ਼ੀਸਦ ਤੇ ਸਰਕਾਰੀ ਸਕੂਲਾਂ ਦਾ 97.90 ਫ਼ੀਸਦ ਨਤੀਜਾ ਆਇਆ ਹੈ।
ਦੇਸ਼ ਭਰ ਦੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਧੀਆ ਨਤੀਜੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੁੱਲ 916 ਸਕੂਲਾਂ ’ਚੋਂ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੋਈਆਂ, ਜਿਨ੍ਹਾਂ ’ਚੋਂ 396 ਸਕੂਲਾਂ ਨੇ 100 ਫ਼ੀਸਦ ਨਤੀਜੇ ਪ੍ਰਾਪਤ ਕੀਤੇ। ਕੇਜਰੀਵਾਲ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਰਕਾਰੀ ਸਕੂਲ ਬਹੁਤ ਮਾੜੇ ਸਨ। ਇਕ ਸਮਾਂ ਸੀ ਜਦੋਂ ਕੁਝ ਲੋਕ ਘਟੀਆ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵੱਲ ਵੇਖਦੇ ਸਨ ਕਿ ਇਹ ਬੱਚੇ ਕੁਝ ਵੀ ਨਹੀਂ ਜਾਣਦੇ, ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਸਕੂਲਾਂ ਨੂੰ ਹੋਰ ਅੱਗੇ ਲੈ ਕੇ ਜਾਣਗੇ, ਜਿਸ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਵਿਦਿਆਰਥੀਆਂ ਹਰ ਤਰ੍ਹਾਂ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਗਰੀਬ ਲੋਕ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਹਨ। ਗਰੀਬ ਆਦਮੀ ਬਚਪਨ ’ਚ ਆਪਣੇ ਬੱਚਿਆਂ ਨੂੰ ਕੰਮ ‘ਤੇ ਰੱਖਦਾ ਹੈ ਤਾਂ ਜੋ ਉਸ ਨੂੰ ਕੁਝ ਪੈਸਾ ਮਿਲੇ। ਇਨ੍ਹਾਂ ਨਤੀਜਿਆਂ ਨੇ ਇਸ ਨੂੰ ਗਲਤ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਕੂਲਾਂ ਵਿੱਚ ਸੁਧਾਰ ਲਿਆ ਕੇ ਸਾਬਤ ਕਰ ਦਿੱਤਾ ਹੈ ਕਿ ਕੁਝ ਵੀ ਕੀਤਾ ਜਾ ਸਕਦਾ ਹੈ।