ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਲੌਕਡਾਊਨ ਤੋਂ ਸ਼ੁਰੂ ਹੋ ਕੇ ਹੁਣ ਤੱਕ ਲੰਗਰ ਸੇਵਾ ਨਾਲ ਦਿੱਲੀ ਦੇ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਦੁਆਉਣ ਵਾਸਤੇ ਇਕ ਹੋਰ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਵੱਲੋਂ 29 ਅਗਸਤ ਦਿਨ ਸ਼ਨਿਚਰਵਾਰ ਨੂੰ ਬਾਲਾ ਪ੍ਰੀਤਮ ਦਵਾਖਾਨੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਬਾਲਾ ਪ੍ਰੀਤਮ ਦਵਾਖਾਨਾ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ ਖੋਲ੍ਹਿਆ ਜਾ ਰਿਹਾ ਹੈ, ਜੋ ਦਿੱਲੀ ਦੀ ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਦਵਾਖਾਨੇ ਵਿੱਚ ਦਵਾਈਆਂ ਬਾਜ਼ਾਰ ਨਾਲੋਂ ਸਸਤੇ ਭਾਅ ’ਤੇ ਮਿਲਣਗੀਆਂ ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਥੇ ਹਰ ਤਰ੍ਹਾਂ ਦੀ ਦਵਾਈ ਮਿਲੇਗੀ।
ਸ੍ਰੀ ਸਿਰਸਾ ਨੇ ਕਿਹਾ ਕਿ ਬਾਜ਼ਾਰ ਵਿੱਚ ਕਈ ਦਵਾਈਆਂ ’ਤੇ 80-80 ਫੀਸਦੀ ਕਮਿਸ਼ਨ ਹੈ, ਜਦਕਿ ਇਥੇ ਇਹ ਕਮਿਸ਼ਨ ਬਿਲਕੁਲ ਨਹੀਂ ਹੋਵੇਗਾ। ਉਦਾਹਰਨ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਈ ਦਵਾਈਆਂ ਜੋ ਬਾਹਰ 100 ਰੁਪਏ ਵਿੱਚ ਮਿਲਦੀਆਂ ਹਨ ਤੇ ਇਥੇ 80 ਫੀਸਦੀ ਕਮਿਸ਼ਨ ਨਾ ਹੋਣ ਕਾਰਨ ਉਹ 20 ਰੁਪਏ ਦੀ ਮਿਲੇਗੀ। ਉਨ੍ਹਾਂ ਕਿਹਾ ਕਿ ਸਰਜੀਕਲ ਕੇਸਾਂ ਨਾਲ ਸਬੰਧਤ ਦਵਾਈਆਂ ਵੀ ਇਥੇ ਰੱਖੀਆਂ ਗਈਆਂ ਹਨ ਤੇ ਦਵਾਖਾਨੇ ਦੀ ਸ਼ੁਰੂਆਤ 29 ਅਗਸਤ ਦਿਨ ਸ਼ਨਿਚਰਵਾਰ ਤੋਂ ਕੀਤੀ ਜਾ ਰਹੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਇਹ ਮਹਾਨ ਸੇਵਾ ਦਿੱਲੀ ਦੇ ਸਿੰਖਾਂ ਨੇ ਨਿਭਾਈ ਹੈ ਤੇ ਇਸ ਦਾ ਮੂਲ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਦੌਰ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਲੋੜ ਹੈ ਤੇ ਇਹ ਦਵਾਖਾਨਾ ਖੁੱਲ੍ਹਣ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਤੇ ਉਹ ਇਥੋਂ ਸਸਤੀਆਂ ਦਵਾਈਆਂ ਲੈ ਕੇ ਆਪਣਾ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਠੀਕ ਰੱਖਣ ਦਾ ਉਪਰਾਲਾ ਕਰ ਸਕਣ।