ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਆਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਦੇ ਮੁੱਦਿਆਂ ਨੂੰ ਮੁੱਖ ਮੁੱਦਾ ਬਣਾਉਣ ਲਈ ਦ੍ਰਿੜ੍ਹ ‘ਯੁਵਾ ਹੱਲਾ ਬੋਲ’ ਜ਼ਿਲ੍ਹਾ ਪੱਧਰੀ ਚੌਪਾਲ ਜਾਰੀ ਹੈ। ਇਸੇ ਪ੍ਰੋਗਰਾਮ ਤਹਿਤ ਆਜ਼ਮਗੜ੍ਹ, ਮਊ, ਬਲੀਆ ਤੋਂ ਬਾਅਦ ਗਾਜ਼ੀਪੁਰ ਵਿੱਚ ਵੀ ਚੌਪਾਲ ਦੀ ਸਥਾਪਨਾ ਕੀਤੀ ਗਈ ਹੈ।
10 ਦਸੰਬਰ ਨੂੰ ‘ਯੁਵਾ ਹੱਲਾ ਬੋਲ’ ਨੇ ਲਖਨਊ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ “ਯੂਥ ਆਫ ਯੂਪੀ” ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦੇ 22 ਨੁਕਾਤੀ ਏਜੰਡੇ ਨੂੰ ਲੈ ਕੇ ਅੱਜ ਕਾਰਜਕਾਰੀ ਪ੍ਰਧਾਨ ਗੋਵਿੰਦ ਮਿਸ਼ਰਾ ਜ਼ਿਲ੍ਹਾ ਗਾਜ਼ੀਪੁਰ ਪੁੱਜੇ। ਗਾਜ਼ੀਪੁਰ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਗੋਵਿੰਦ ਮਿਸ਼ਰਾ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ਬਾਰੇ ਸਰਕਾਰ ਕੁਝ ਨਹੀਂ ਕਰ ਰਹੀ, ਜਦਕਿ ਸੂਬੇ ਵਿਚ ਪੰਜ ਲੱਖ ਤੋਂ ਵੱਧ ਸਰਕਾਰੀ ਆਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਆਸਾਮੀਆਂ ਅਧਿਆਪਕਾਂ ਦੀਆਂ ਹਨ। ਗਾਜ਼ੀਪੁਰ ਤੋਂ ‘ਯੁਵਾ ਹੱਲਾ ਬੋਲ’ ਦੀ ਟੀਮ ਦੇ ਮੈਂਬਰ ਜਤਿੰਦਰ ਯਾਦਵ ਨੇ ਦੱਸਿਆ ਕਿ ਇਸ 22 ਨੁਕਾਤੀ ਏਜੰਡੇ ਨੂੰ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਲਿਜਾਂਦਾ ਜਾਵੇਗਾ। ਇਸ ਚੌਪਾਲ ਵਿੱਚ ਰਾਹੁਲ ਯਾਦਵ, ਵਿਨੋਦ, ਪ੍ਰਿੰਸ ਯਾਦਵ, ਸੋਨੂੰ, ਉਪੇਂਦਰ, ਰਾਜੂ, ਅਨੰਤ ਤਿਵਾੜੀ ਆਦਿ ਹਾਜ਼ਰ ਸਨ।