ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਫਰਵਰੀ
ਇੱਥੇ ਅੱਜ ਵਿਦਿਆਰਥੀਆਂ ਨੇ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਉੱਤਰੀ ਕੈਂਪਸ ਵਿੱਚ ਛਾਤਰ ਮਾਰਗ ’ਤੇ ਸਾਂਝਾ ਕੈਂਪਸ ਮਾਰਚ ’ਤੇ ਚੱਕਾ ਜਾਮ ਕੀਤਾ ਗਿਆ। ਇਹ ਕੈਂਪਸ ਮਾਰਚ ਤੇ ਚੱਕਾ ਜਾਮ ਡੀਯੂ ਖੋਲ੍ਹਣ ਲਈ ਚੱਲ ਰਹੇ ਅੰਦੋਲਨ ਦੇ ਹਿੱਸੇ ਵਜੋਂ ਕੀਤਾ ਗਿਆ। ਖੱਬੇ ਪੱਖੀ ਵਿਦਿਆਰਥੀ ਧਿਰਾਂ ‘ਆਇਸਾ’ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਤੇ ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਕਾਰਕੁਨਾਂ ਵੱਲੋਂ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਗਿਆ ਤੇ ’ਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀ ਆਗੂਆਂ ਨੇ ਕਿਹਾ ਸਾਰੇ ਵਿਦਿਅਕ ਅਦਾਰੇ ਖੋਲ੍ਹਣ ਲਈ ਡੀਡੀਐੱਮਏ ਦੀ ਮਨਜ਼ੂਰੀ ਤੋਂ ਬਾਅਦ ਦਿੱਲੀ ਦੀਆਂ ਜ਼ਿਆਦਾਤਰ ਸਰਕਾਰੀ ਯੂਨੀਵਰਸਿਟੀਆਂ ਨੇ ਕੈਂਪਸ ਖੋਲ੍ਹਣ ਤੇ ਆਫਲਾਈਨ ਕਲਾਸਾਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਸ ਦੇ ਬਾਵਜੂਦ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਨਲਾਈਨ ਕਲਾਸਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਨੇ ਆਨਲਾਈਨ ਸਿੱਖਿਆ ਦਾ ਜ਼ੋਰਦਾਰ ਵਿਰੋਧ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਡੀਯੂ ਵਿੱਚ ਕਾਲਜਾਂ ਅਤੇ ਵਿਭਾਗਾਂ ਨੂੰ ਉਦੋਂ ਵੀ ਬੰਦ ਰੱਖਿਆ ਗਿਆ ਹੈ ਜਦੋਂ ਸਿਨੇਮਾ ਥੀਏਟਰਾਂ, ਬਾਜ਼ਾਰਾਂ, ਪੂਜਾ ਸਥਾਨਾਂ, ਰੈਸਟੋਰੈਂਟਾਂ ਅਤੇ ਪੱਬਾਂ ਆਦਿ ਸਮੇਤ ਹੋਰ ਸਾਰੀਆਂ ਜਨਤਕ ਥਾਵਾਂ ਨੂੰ ਲੰਬੇ ਸਮੇਂ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ। ਡੀਯੂ ਪ੍ਰਸ਼ਾਸਨ ਨੇ ਅੰਦੋਲਨਕਾਰੀ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਯੂਨੀਵਰਸਿਟੀ ਤੇ ਕਾਲਜ ਕੈਂਪਸ ਮੁੜ ਖੋਲ੍ਹਣ ਦੀ ਬਜਾਏ ਪ੍ਰਦਰਸ਼ਨਾਂ ਵਿੱਚ ਵਿਘਨ ਪਾਇਆ ਤੇ ਵਿਦਿਆਰਥੀਆਂ ਨੂੰ ਖੁਦ ਹੀ ਡਰਾਇਆ। ਵਿਦਿਆਰਥੀ ਆਗੂਆਂ ਨੇ ਕਿਹਾ ਡੀਯੂ ਪ੍ਰਸ਼ਾਸਨ ਡੀਡੀਐੱਮਏ ਦੇ ਨੋਟੀਫਿਕੇਸ਼ਨ ਦੇ ਬਹਾਨੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਤੋਂ ਵਾਂਝਾ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਆਨਲਾਈਨ ਸਿੱਖਿਆ ਪ੍ਰਣਾਲੀ ਨੇ ਉਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਜੋ ਪਹਿਲਾਂ ਹੀ ਮਹਾਂਮਾਰੀ ਕਾਰਨ ਪੈਦਾ ਹੋਏ ਸੰਕਟ ਵਿੱਚੋਂ ਲੰਘ ਰਹੇ ਸਨ। ਵਿਦਿਆਰਥੀਆਂ ਦੇ ਇੱਕ ਵੱਡੇ ਹਿੱਸੇ ਕੋਲ ਡਿਜੀਟਲ ਉਪਕਰਨਾਂ ਤੇ ਹੋਰ ਸਹੂਲਤਾਂ ਨਹੀਂ ਹਨ, ਜਿਸ ਕਾਰਨ ਉਹ ਜਮਾਤਾਂ ਛੱਡਣ ਲਈ ਮਜਬੂਰ ਹਨ। ਵਿਦਿਆਰਥੀਆਂ ਨੇ ਕਿਹਾ ਕਿ ਆਨਲਾਈਨ ਵਿਧੀ ਕਲਾਸਰੂਮ ਦੇ ਅਧਿਆਪਨ ਦੀ ਗੁਣਵੱਤਾ ਦਾ ਮੁਕਾਬਲਾ ਨਹੀਂ ਕਰ ਸਕਦੀ। ਕਲਾਸਰੂਮ ਵਿੱਚ ਪੜ੍ਹਾਉਣਾ ਵੱਖ-ਵੱਖ ਵਿਦਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੁੰਦਾ ਹੈ। ਉਨ੍ਹਾਂ ਮੁਤਾਬਕ ਆਨਲਾਈਨ ਸਿੱਖਿਆ ਇੱਕ ਗੰਭੀਰ ਸੰਕਟ ਪੈਦਾ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਦਾਇਰੇ ਤੋਂ ਬਾਹਰ ਕਰ ਦਿੰਦੀ ਹੈ, ਸਰੋਤਾਂ ਤੱਕ ਪਹੁੰਚ ਤੋਂ ਵਾਂਝੀ ਰਹਿੰਦੀ ਹੈ ਅਤੇ ਘਰੇਲੂ ਸਿੱਖਿਆ ਲਈ ਇੱਕ ਅਨੁਕੂਲ ਮਾਹੌਲ ਬਣਾਉਂਦੀ ਹੈ।