ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜਨਵਰੀ
ਦੇਸ਼ ਭਰ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਵਿਚਕਾਰ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਆਪਣੇ ਦਿੱਲੀ, ਚੇਨਈ, ਤ੍ਰਿਚੀ, ਪਟਨਾ, ਕੋਲਕਾਤਾ ਤੇ ਰਾਏਗੰਜ ਸਰਕਲਾਂ ਵਿੱਚ ਸਾਰੇ ਕੇਂਦਰੀ ਤੌਰ ’ਤੇ ਸੁਰੱਖਿਅਤ ਸਮਾਰਕਾਂ ਨੂੰ 6 ਜਨਵਰੀ ਤੋਂ ਕਰੋਨਾਵਾਇਰਸ ਪਾਬੰਦੀਆਂ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ ਸਾਰੇ ਏਐੱਸਆਈ ਸਮਾਰਕ 6 ਜਨਵਰੀ ਤੋਂ 20 ਜਨਵਰੀ ਤੱਕ ਜਾਂ ਸਥਾਨਕ ਅਧਿਕਾਰੀਆਂ ਦੁਆਰਾ ਪਾਬੰਦੀਆਂ ਹਟਾਏ ਜਾਣ ਤੱਕ ਬੰਦ ਰਹਿਣਗੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ 4 ਜਨਵਰੀ ਤੋਂ ਕੌਮੀ ਰਾਜਧਾਨੀ ਵਿੱਚ ਹਰ ਤਰ੍ਹਾਂ ਦੇ ਇਕੱਠਾਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਆਦੇਸ਼ ਜਾਰੀ ਕੀਤਾ ਗਿਆ। ਦਿੱਲੀ ਸਰਕਲ ਦੇ ਅਧਿਕਾਰ ਖੇਤਰ ਦੇ ਅਧੀਨ ਕੇਂਦਰੀ ਸੁਰੱਖਿਅਤ ਸਮਾਰਕਾਂ ਨੂੰ 6 ਤੋਂ 20 ਜਨਵਰੀ, 2022 ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ ਸਾਰੇ ਨਿਰਦੇਸ਼ਾਂ/ਐੱਸਓਪੀਜ਼ ਦੀ ਇਸ ਮਾਮਲੇ ਵਿੱਚ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਦਿੱਲੀ ਸਰਕਲ ਵਿੱਚ ਕੁਤਬ ਮੀਨਾਰ, ਲਾਲ ਕਿਲ੍ਹਾ ਤੇ ਹੁਮਾਯੂੰ ਦੇ ਮਕਬਰੇ ਸਮੇਤ ਲਗਭਗ 174 ਸਮਾਰਕ ਹਨ। ਅਧਿਕਾਰੀਆਂ ਨੇ ਕਿਹਾ ਕਿ ਏਐੱਸਆਈ ਸਮਾਰਕਾਂ ਨੂੰ ਬੰਦ, ਰਾਜ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੀਤਾ ਜਾਵੇਗਾ।