ਨਵੀਂ ਦਿੱਲੀ, 26 ਮਈ
ਮੁੱਖ ਅੰਸ਼
- ਕੇਂਦਰ ’ਤੇ ਟੀਕਾਕਰਨ ਮੁਹਿੰਮ ਛੇ ਮਹੀਨੇ ਦੇਰੀ ਨਾਲ ਸ਼ੁਰੂ ਕਰਨ ਦਾ ਲਾਇਆ ਦੋਸ਼
- ਕੰਪਨੀ ਸਪੂਤਨਿਕ ਵੀ ਵੈਕਸੀਨ ਦਿੱਲੀ ਨੂੰ ਦੇਣ ਲਈ ਰਾਜ਼ੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਨੇ ਦੇਸ਼ ’ਚ ਟੀਕਾਕਰਨ ਮੁਹਿੰਮ ਛੇ ਮਹੀਨੇ ਦੇਰੀ ਨਾਲ ਸ਼ੁਰੂ ਕੀਤੀ ਹੈ। ਕੇਂਦਰ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਟੀਕੇ ਖ਼ਰੀਦਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅਤੇ ਉਹ ਫੌਰੀ ਜੰਗੀ ਪੱਧਰ ’ਤੇ ਟੀਕਾਕਰਨ ਮੁਹਿੰਮ ਚਲਾਏ। ਦਵਾਰਕਾ ’ਚ ਵੇਗਾਸ ਮਾਲ ਦੇ ਟੀਕਾਕਰਨ ਕੇਂਦਰ ’ਚ ਗੱਡੀ ’ਚ ਹੀ ਲੋਕਾਂ ਨੂੰ ਟੀਕੇ ਲਗਾਉਣ ਦੀ ਸ਼ੁਰੂਆਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ,‘‘ਅੱਜ ਅਸੀਂ ਕੋਵਿਡ-19 ਖ਼ਿਲਾਫ਼ ਜੰਗ ਲੜ ਰਹੇ ਹਾਂ ਜਿਸ ’ਚ ਕੇਂਦਰ ਅਤੇ ਸੂਬਿਆਂ ਦੀਆਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਹਨ। ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ ਅਤੇ ਸੂਬਿਆਂ ਨੂੰ ਆਪਣੇ ਲਈ ਖੁਦ ਪ੍ਰਬੰਧ ਕਰਨ ਨੂੰ ਆਖ ਰਹੀ ਹੈ। ਇਹ ਗਲਤ ਹੈ।’’ ਉਨ੍ਹਾਂ ਨਾਰਾਜ਼ਗੀ ਭਰੇ ਸ਼ਬਦਾਂ ’ਚ ਕਿਹਾ,‘‘ਇਹ ਕੁਝ ਇੰਜ ਹੈ ਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੋਵੇ ਅਤੇ ਤਾਂ ਉਹ (ਕੇਂਦਰ) ਪੁੱਛੇ ਕਿ ਕੀ ਦਿੱਲੀ ਨੇ ਪਰਮਾਣੂ ਬੰਬ ਬਣਾਇਆ ਹੈ ਅਤੇ ਕੀ ਉੱਤਰ ਪ੍ਰਦੇਸ਼ ਨੇ ਟੈਂਕ ਖ਼ਰੀਦੇ ਹਨ। ਟੀਕਿਆਂ ਨੂੰ ਖ਼ਰੀਦਣ ਅਤੇ ਉਨ੍ਹਾਂ ਦੀ ਸਪਲਾਈ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਜੇਕਰ ਉਹ ਟੀਕੇ ਦੇਣ ਅਤੇ ਅਸੀਂ ਟੀਕਾਕਰਨ ਕੇਂਦਰਾਂ ਨੂੰ ਨਾ ਖੋਲ੍ਹੀਏ ਤਾਂ ਉਹ ਦਿੱਲੀ ਨੂੰ ਜਵਾਬਦੇਹ ਠਹਿਰਾ ਸਕਦੇ ਹਨ।’’ ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਰਤ ’ਚ ਟੀਕਾਕਰਨ ਮੁਹਿੰਮ ਛੇ ਮਹੀਨੇ ਦੀ ਦੇਰੀ ਨਾਲ ਸ਼ੁਰੂ ਹੋਈ। ਉਨ੍ਹਾਂ ਕਿਹਾ,‘‘ਦੁਨੀਆ ਭਰ ਦੇ ਮੁਲਕਾਂ ਨੇ ਆਪਣੇ ਲੋਕਾਂ ਨੂੰ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਭਾਰਤ ’ਚ ਲੋਕਾਂ ਨੂੰ ਟੀਕੇ ਲਗਾਉਣ ਦੀ ਥਾਂ ’ਤੇ ਵੈਕਸੀਨ ਵਿਦੇਸ਼ ਭੇਜੀ ਗਈ। ਜੇਕਰ ਮੁਲਕ ’ਚ ਵੀ ਟੀਕਾਕਰਨ ਮੁਹਿੰਮ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਅਸੀਂ ਦੂਜੀ ਲਹਿਰ ਤੋਂ ਕਈ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਸੀ।’’ ‘ਆਪ’ ਸੁਪਰੀਮੋ ਨੇ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਟੀਮ ਇੰਡੀਆ ਨੂੰ ਇਕੱਠਿਆਂ ਜੰਗ ਲੜਨੀ ਪਵੇਗੀ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਖ਼ਰੀਦੇ ਅਤੇ ਸੂਬਿਆਂ ਨੂੰ ਅੱਗੇ ਵੱਡੇ। ਉਨ੍ਹਾਂ ਦਾਅਵਾ ਕੀਤਾ ਕਿ ਸਪੂਤਨਿਕ ਵੀ ਬਣਾਉਣ ਵਾਲੀ ਕੰਪਨੀ ਨੇ ਦਿੱਲੀ ਨੂੰ ਵੈਕਸੀਨ ਸਪਲਾਈ ਕਰਨ ਦੀ ਸਹਿਮਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੌਡਰਨਾ ਅਤੇ ਫਾਈਜ਼ਰ ਨੇ ਦਿੱਲੀ ਨੂੰ ਟੀਕਿਆਂ ਦੀ ਸਿੱਧੀ ਸਪਲਾਈ ਤੋਂ ਇਨਕਾਰ ਕਰ ਦਿੱਤਾ ਸੀ। ਕੇਜਰੀਵਾਲ ਨੇ ਕਿਹਾ ਕਿ ਹਰੇਕ ਮੁੱਖ ਮੰਤਰੀ ਨੇ ਵੈਕਸੀਨ ਖ਼ਰੀਦਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਦਾ ਪ੍ਰਬੰਧ ਨਹੀਂ ਕਰ ਸਕਿਆ। ਕਈ ਸੂਬਿਆਂ ਨੇ ਆਲਮੀ ਟੈਂਡਰ ਵੀ ਕੱਢੇ ਪਰ ਉਹ ਵੈਕਸੀਨ ਖ਼ਰੀਦਣ ’ਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਸੂਬੇ ਕਰੋਨਾਵਾਇਰਸ ਖ਼ਿਲਾਫ਼ ਜੰਗ ’ਚ ਕੇਂਦਰ ਨੂੰ ਹਮਾਇਤ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਜੰਗ ਹਾਰੇਗਾ ਤਾਂ ਇਹ ਭਾਜਪਾ ਦੀ ਨਹੀਂ ਸਗੋਂ ਭਾਰਤ ਦੀ ਹਾਰ ਹੋਵੇਗੀ। ਉਨ੍ਹਾਂ ਕਿਹਾ ਕਿ ਮੌਡਰਨਾ ਅਤੇ ਫਾਈਜ਼ਰ ਦੇ ਬਣਾਏ ਟੀਕੇ ਬੱਚਿਆਂ ਲਈ ਢੁੱਕਵੇਂ ਹਨ ਅਤੇ ਕੇਂਦਰ ਸਰਕਾਰ ਨੂੰ ਬੱਚਿਆਂ ਦੇ ਟੀਕਾਕਰਨ ਲਈ ਉਨ੍ਹਾਂ ਨੂੰ ਖ਼ਰੀਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਾਲੀ ਫੰਗਸ ਦੇ ਕਰੀਬ 620 ਕੇਸ ਹਨ ਪਰ ਇਲਾਜ ’ਚ ਵਰਤੇ ਜਾਣ ਵਾਲੇ ਟੀਕਿਆਂ ਐਂਫੋਟਰੀਸਿਨ-ਬੀ ਦੀ ਘਾਟ ਹੈ। ਦਿੱਲੀ ’ਚ ਲੌਕਡਾਊਨ ਖੋਲ੍ਹੇ ਜਾਣ ਦੀ ਸੰਭਾਵਨਾ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਣਮਿੱਥੇ ਸਮੇਂ ਤੱਕ ਨਹੀਂ ਵਧਾਇਆ ਜਾ ਸਕਦਾ ਹੈ। ਇਸ ਨਾਲ ਆਰਥਿਕ ਸਰਗਰਮੀਆਂ ਅਤੇ ਕਾਰੋਬਾਰ ਪ੍ਰਭਾਵਿਤ ਹੋਏ ਹਨ। -ਪੀਟੀਆਈ
ਭਾਜਪਾ ਨੇ ਕੇਜਰੀਵਾਲ ’ਤੇ ਯੂ-ਟਰਨ ਲੈਣ ਦਾ ਦੋਸ਼ ਲਾਇਆ
ਨਵੀਂ ਦਿੱਲੀ: ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੋਦੀ ਸਰਕਾਰ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਨਿੰਦਾ ਕਰਨ ’ਤੇ ਉਸ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਆਪਣੀ ਦਿਖ ਚਮਕਾਉਣ ਲਈ ਸਿਆਸਤ ਕਰ ਰਿਹਾ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਕੇਜਰੀਵਾਲ ਗਾਲ੍ਹਾਂ ਕੱਢਣ ਅਤੇ ਦੋਸ਼ ਲਾਉਣ ਦੇ ਤਰੀਕਿਆਂ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਵੈਕਸੀਨੇਸ਼ਨ ਪ੍ਰੋਗਰਾਮ ਦੀ ਵਕਾਲਤ ਕੀਤੀ ਸੀ ਪਰ ਹੁਣ ਉਹ ਆਪਣੀ ਗੱਲ ਤੋਂ ਪਲਟ ਗਏ ਹਨ ਅਤੇ ਉਹ ਝੂਠ, ਗੁੰਮਰਾਹਕੁਨ ਅਤੇ ਲਾਹਾ ਲੈਣ ਵਾਲੀ ਸਿਆਸਤ ਕਰ ਰਹੇ ਹਨ। -ਪੀਟੀਆਈ