ਕੁਲਦੀਪ ਸਿੰਘ਼
ਨਵੀਂ ਦਿੱਲੀ, 13 ਮਾਰਚ
ਪੰਜਾਬੀ ਸਾਹਿਤ ਸੱਭਿਆਚਾਰ ਸੰਗਠਨ ਵਲੋਂ ਪੱਛਮੀ ਦਿੱਲੀ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਹਿੰਦਰ ਸਿੰਘ ਭੁੱਲਰ ਨੇ ਕੀਤੀ। ਇਸ ਮੌਕੇ ‘ਸੱਚੇ ਪਾਤਸ਼ਾਹ’ ਰਸਾਲੇ ਦਾ ਸ਼ਤਾਬਦੀ ਅੰਕ ਵੀ ਲੋਕ ਅਰਪਣ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸੁਖਵੇਦ ਸਿੰਘ ਰਿਐਤ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਜਤਿੰਦਰਪਾਲ ਸਿੰਘ ਗਾਗੀ ਅਤੇ ਪਰਮਜੀਤ ਸਿੰਘ ਖੁਰਾਣਾਨੇ ਹਾਜਰੀ ਭਰੀ। ਮੰਚ ਸੰਚਾਲਨ ਜਨਰਲ ਸਕੱਤਰ ਸੁਰਜੀਤ ਸਿੰਘ ਆਰਟਿਸਟ ਨੇ ਕੀਤਾ। ਸੰਗਠਨ ਵਲੋਂ ਕਰਵਾਏ ਗਏ ਕਵੀ ਦਰਬਾਰ ’ਚ ਡਾ. ਤਰਿੰਦਰ ਕੌਰ, ਡਾ. ਰਾਜਵੰਤ ਕੌਰ ਰਾਜ, ਜਸਵੰਤ ਸਿੰਘ ਸੇਖਵਾਂ ਨੇ ਰਚਨਾਵਾਂ ਸੁਣਾ ਕੇ ਸਮਾਂ ਬੰਨ੍ਹਿਆ। ਪੰਜਾਬੀ ਲੋਕ ਮੰਚ ਦੇ ਜਨਰਲ ਸਕੱਤਰ ਡਾ. ਪ੍ਰਿਥਵੀ ਰਾਜ ਥਾਪਰ ਨੇ ਸੰਗਠਨ ਦੇ ਯੋਗਦਾਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਸੰਗਠਨ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪੁਰਬ ਨੂੰ ਸਮਰਪਿਤ ‘ਸੱਚੇ ਪਾਤਸ਼ਾਹ’ ਪੱਤ੍ਰਿਕਾ ਦਾ ਵਿਸ਼ੇਸ਼ ਸ਼ਤਾਬਦੀ ਅੰਕ ਵੀ ਰਿਲੀਜ਼ ਕੀਤਾ ਗਿਆ। ਸੁਖਦੇਵ ਸਿੰਘ ਰਿਐਤ ਨੇ ਪੱਤ੍ਰਿਕਾ ਦੇ ਮੁੱਖ ਸੰਪਾਦਕ ਸੁਰਜੀਤ ਆਰਟਿਸਟ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।