ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਯੂਨੀਵਰਸਿਟੀ (ਡੀਯੂ) ਵਿੱਚ ਅੱਜ ਸਾਲ ਦੇ ਅਕਾਦਮਿਕ ਸੈਸ਼ਨਾਂ ਦੀ ਸ਼ੁਰੂਆਤ ਹੋ ਗਈ ਹੈ। ਕੈਂਪਸ ਵਿੱਚ ਕਰਵਾਏ ਓਰੀਐਂਟੇਸ਼ਨ ਸਮਾਗਮਾਂ ਨੇ ਨਵੇਂ ਵਿਦਿਆਰਥੀਆਂ ਨੂੰ ਕੋਰਸਾਂ, ਕਲੱਬਾਂ ਤੇ ਕਮੇਟੀਆਂ ਬਾਰੇ ਜਾਣਕਾਰੀ ਦਿੱਤੀ। ਡੀਯੂ ਦੇ ਵਾਈਸ ਚਾਂਸਲਰ ਯੋਗੇਸ਼ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਲਈ ਤਿਆਰ ਹੈ ਤੇ ਇਹ ਯਕੀਨੀ ਬਣਾਉਣ ਲਈ ਯੋਜਨਾਵਾਂ ਬਣਾਈਆਂ ਗਈਆਂ ਹਨ ਕਿ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਉਪਲਬਧ ਹੋਣ। ਇਸ ਸਾਲ ‘ਸੀਯੂਈਟੀ’ ਰਾਹੀਂ ਦਾਖਲੇ ਕੀਤੇ ਹਨ ਤੇ ਕੌਮੀ ਸਿੱਖਿਆ ਨੀਤੀ ਇੱਕ ਨਵੀਂ ਨੀਤੀ ਹੈ ਤੇ ਵਿਦਿਆਰਥੀਆਂ ਨੂੰ ਵਧੇਰੇ ਆਜ਼ਾਦੀ ਮਿਲੇਗੀ। ਪੰਜ ਟਾਪ-10 ਕਾਲਜਾਂ ਦੇ ਬਾਵਜੂਦ ਦਿੱਲੀ ਯੂਨੀਵਰਸਿਟੀ ਦੀ ਰੈਂਕਿੰਗ ਵਿੱਚ ਗਿਰਾਵਟ ਆਈ ਹੈ, ਜਿਸ ਕਾਰਨ ਕੁਝ ਵਿਦਿਆਰਥੀ ਬਹੁਤ ਖੁਸ਼ ਸਨ, ਜਦੋਂਕਿ ਕੁਝ ਘਬਰਾਏ ਹੋਏ ਸਨ।
ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਕਾਲਜ ਸਜਾਏ ਹੋਏ ਸਨ ਤੇ ਵਿਦਿਆਰਥੀ ਯੂਨੀਅਨਾਂ ਦੇ ਆਗੂਆਂ ਤੇ ਯੂਨੀਅਨ ਚੋਣਾਂ ਲਈ ਸੰਭਾਵੀਂ ਉਮੀਦਵਾਰਾਂ ਨੇ ਆਪਣੇ ਬੋਰਡ ਲਾ ਕੇ ਸਵਾਗਤੀ ਸੁਨੇਹੇ ਦਿੱਤੇ। ਉਥੇ ਹੀ ਸੀਨੀਅਰਾਂ ਵੱਲੋਂ ਨਵੇਂ ਵਿਦਿਆਰਥੀਆਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।
ਡੀਯੂ ਅਨੁਸਾਰ ਪਹਿਲੇ ਸਮੈਸਟਰ ਦੀ ਪ੍ਰੀਖਿਆ 27 ਫਰਵਰੀ ਤੋਂ 15 ਮਾਰਚ, 2023 ਤੱਕ ਹੋਵੇਗੀ, ਪ੍ਰੈਕਟੀਕਲ ਪ੍ਰੀਖਿਆ ਫਰਵਰੀ ਵਿੱਚ ਹੋਣੀ ਹੈ। ਸਮੈਸਟਰ ਦੋ ਦੀਆਂ ਜਮਾਤਾਂ 20 ਮਾਰਚ ਨੂੰ ਸ਼ੁਰੂ ਹੋਣਗੀਆਂ, ਥਿਊਰੀ ਪ੍ਰੀਖਿਆ 17 ਜੁਲਾਈ ਤੋਂ 28 ਜੁਲਾਈ ਤੱਕ ਹੋਵੇਗੀ।
ਪਹਿਲੇ ਸੈਸ਼ਨ ਦੌਰਾਨ ਗੁਰੂ ਤੇਗ ਬਹਾਦਰ ਕਾਲਜ ’ਚ ਸਮਾਗਮ
ਗੁਰੂ ਤੇਗ ਬਹਾਦਰ ਕਾਲਜ (ਉੱਤਰੀ ਕੈਂਪਸ) ’ਚ ਨਵੇਂ ਸੈਸ਼ਨ ਦੌਰਾਨ ਮਾਸਟਰ ਤਾਰਾ ਸਿੰਘ ਹਾਲ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਵੱਲੋਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਲਜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦਾ ਇਹ ਪੜਾਅ ਅਹਿਮ ਹੈ ਤੇ ਕਰੀਅਰ ਨੂੰ ਸੇਧ ਦੇਣ ਵਾਲਾ ਹੈ, ਇਸ ਲਈ ਵਿਦਿਆਰਥੀ ਨਵੇਂ ਦਾਖ਼ਲਾ ਪ੍ਰਬੰਧ ਤਹਿਤ ਮਿਲੇ ਮੌਕੇ ਦਾ ਲਾਹਾ ਲੈਣ।