ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
ਪੰਜਾਬ ਤੋਂ ਨਾਮਜ਼ਦ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲਚਰਲ ਹੈਰੀਟੇਜ ਸੈਂਟਰ ਦਿੱਲੀ ਦੇ ਰੋਜ਼ ਐਵੇਨਿਊ ਵਿੱਚ ਜਲਦੀ ਹੀ ਬਣਾਇਆ ਜਾਵੇਗਾ। ਉਹ ਮਹਾਰਾਜਾ ਰਣਜੀਤ ਸਿੰਘ ਟਰੱਸਟ ਵੱਲੋਂ ਦਾਨ ਕੀਤੇ ਬਾਰਾਖੰਭਾ ਰੋਡ ਸਥਿਤ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਕਨਾਟ ਪਲੇਸ ਦੇ ਨੇੜੇ ਸ਼ਹਿਰ ਦੇ ਮੱਧ ਵਿਚ ਇਹ ਪਹਿਲਾ ਪੰਜਾਬੀ ਸੱਭਿਆਚਾਰਕ ਵਿਰਾਸਤੀ ਕੇਂਦਰ ਹੋਵੇਗਾ ਜੋ ਸ਼ੇਰ-ਏ-ਪੰਜਾਬ ਦੇ ਅਮੀਰ ਆਦਰਸ਼ਾਂ ਦਾ ਪ੍ਰਚਾਰ ਕਰੇਗਾ ਤੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰੇਗਾ। ਸ੍ਰੀ ਸਾਹਨੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਭਾਰਤ ਦੇ ਆਖਰੀ ਪ੍ਰਭੂਸੱਤਾ ਦੇ ਮਹਾਰਾਜਾ ਸਨ ਜਿਨ੍ਹਾਂ ਨੇ ਭਾਰਤ ਦੀਆਂ ਉੱਤਰ-ਪੱਛਮੀ ਸੀਮਾਵਾਂ ਨੂੰ ਪਰਿਭਾਸ਼ਿਤ ਕੀਤਾ ਤੇ ਹਮਲੇ ਰੋਕੇ।