ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸਾਖੀ ਅਤੇ ਖਾਲਸਾ ਪੰਥ ਦਾ ਸਿਰਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਵਿੱਚ ਗੁਰਮਤਿ ਸਮਾਗਮ ਹੋਏ। ਇਸ ਦੌਰਾਨ ਰਾਗੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਉਤਸ਼ਾਹ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਮੁੱਖ ਸਮਾਗਮ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਖਾਲਸਾ ਪੰਥ ਦੁਨੀਆਂ ਦਾ ਸਿਰਫ ਇਕਲੌਤਾ ਪੰਥ ਹੈ, ਜੋ ਆਪਣਾ ਜਨਮ ਦਿਹਾੜਾ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਧਰਮ ਦੀ ਪ੍ਰਫੁੱਲਤਾ ਵਾਸਤੇ ਕੰਮ ਕਰ ਰਹੀ ਹੈ ਪਰ ਪੰਜਾਬ ਵਿਚ ਇਸਾਈ ਧਰਮ ਦੇ ਹੱਕ ਵਿਚ ਧਰਮ ਪਰਿਵਰਤਨ ਲਹਿਰ ਚੱਲ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਹੈ। ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਮੈਡੀਕਲ ਸਹੂਲਤਾਂ ਦੇਣ ਦੇ ਮਾਮਲੇ ਵਿਚ ਵੀ ਪਿੱਛੇ ਨਹੀਂ ਹਟੇਗੀ ਤੇ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ, ਮੁਫਤ ਟੈਸਟਾਂ ਵਾਲੀਆਂ ਲੈਬਾਰਟਰੀਆਂ ਖੋਲ੍ਹੀਆਂ ਤੇ ਹੁਣ ਹੋਰ ਨਵੀਆਂ ਮਸ਼ੀਨਾਂ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿੱਚ ਆ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਵਿਚ ਓਪੀਡੀ ਸਹੂਲਤ ਵੀ ਜਲਦੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ 20 ਅਤੇ 21 ਅਪਰੈਲ ਦਾ ਪ੍ਰੋਗਰਾਮ ਲਾਲ ਕਿਲ੍ਹੇ ’ਤੇ ਰੱਖਿਆ ਹੈ, ਜਿਥੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਮਿਸਾਲ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਸਬੰਧੀ ਕੇਂਦਰ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿਆਂਗੇ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਜਿਹੜਾ ਰਸਤਾ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਚੁਰਾਹੇ ’ਤੇ ਬੰਦ ਕੀਤਾ ਗਿਆ ਹੈ, ਉਸ ਨੂੰ ਮੁੜ ਖੋਲ੍ਹਣ ਦੀ ਮੰਗ ਕਰਾਂਗੇ।
ਸਿੱਖ ਗੁਰੂਆਂ ਬਾਰੇ ਫਿਲਮਾਂ ਬਣਾਈਆਂ ਜਾਣਗੀਆਂ: ਕਾਲਕਾ
ਕਾਲਕਾ ਤੇ ਕਾਹਲੋਂ ਨੇ ਘਰ-ਘਰ ਸਿੱਖੀ ਦੀ ਲਹਿਰ ਚਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਸਾਰੀ ਸੰਗਤ ਨਾਲ ਮਿਲ ਕੇ ਇਹ ਲਹਿਰ ਚਲਾਏਗੀ ਅਤੇ ਬੱਚਿਆਂ ਨੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਵਾਸਤੇ ਸਿੰਘ ਸਭਾਵਾਂ ਦਾ ਸਹਿਯੋਗ ਵੀ ਲਵਾਂਗੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਵਿੱਚ ਲਘੂ ਫਿਲਮਾਂ ਰਾਹੀਂ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਸਿੱਖ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਤਿਆਰ ਹੋਣ ਵਾਲੀਆਂ ਫਿਲਮਾਂ ਅੰਗਰੇਜ਼ੀ, ਸਪੈਨਿਸ਼, ਫਰੈਂਚ ਸਮੇਤ ਹੋਰ ਭਾਸ਼ਾਵਾਂ ਵਿੱਚ ਤਿਆਰ ਕੀਤੀਆਂ ਜਾਣਗੀਆਂ।
ਮੁਲਾਜ਼ਮਾਂ ਨੇ ਪੱਗਾਂ ਬੰਨ੍ਹ ਕੇ ਮਨਾਈ ਵਿਸਾਖੀ
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਵਿਕਟੋਰਾ ਇੰਡਸਟਰੀਜ਼, ਸੈਕਟਰ-58 ਨੇ ਆਪਣੇ ਸਮੂਹ ਕਰਮਚਾਰੀਆਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਐੱਸਐੱਸ ਬੰਗਾ ਤੇ ਮੀਨੂੰ ਬੰਗਾ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਐੱਮ.ਡੀ.ਬੰਗਾ ਨੇ ਸਮੂਹ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ। ਸਿੱਖ ਕੌਮ ਵਿਸਾਖੀ ਨੂੰ ਨਵੇਂ ਸਾਲ ਵਜੋਂ ਮਨਾਉਂਦੀ ਹੈ। ਐੱਮ.ਡੀ. ਬੰਗਾ ਨੇ ਐਲਾਨ ਕੀਤਾ ਕਿ ਹੁਣ ਕੰਪਨੀ ਵਿਕਟੋਰਾ ਟੂਲ ਪ੍ਰਾਈਵੇਟ ਲਿਮਟਿਡ ਤੋਂ ਵਿਕਟੋਰਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵਜੋਂ ਜਾਣੀ ਜਾਵੇਗੀ। ਭਵਿੱਖ ਵਿੱਚ ਇਸ ਨੂੰ ਲਿਮਟਿਡ ਅਤੇ ਪਬਲਿਕ ਲਿਮਟਿਡ ਬਣਾਉਣ ਦੀ ਯੋਜਨਾ ਹੈ। ਵਿਕਟੋਰਾ ਗਰੁੱਪ ਦੇ ਸੰਸਥਾਪਕ ਗੰਭੀਰ ਸਿੰਘ ਬੰਗਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ 551 ਵਿਅਕਤੀਆਂ ਦੇ ਸਿਰਾਂ ’ਤੇ ਦਸਤਾਰਾਂ ਸਜਾਈਆਂ ਗਈਆਂ| ਦਿਨ ਭਰ ਚੱਲੇ ਇਸ ਸਮਾਗਮ ਦੇ ਅੰਤ ਵਿੱਚ ਹਰ ਕਿਸੇ ਨੂੰ ਔਖੇ ਹਾਲਾਤਾਂ ਵਿੱਚ ਵੀ ਆਪਣੇ ਆਪ ਨੂੰ ਪ੍ਰੇਰਿਤ ਅਤੇ ਊਰਜਾਵਾਨ ਰੱਖਣ ਦੇ ਉਦੇਸ਼ ਨਾਲ ਵਿਸ਼ਵ ਕੱਪ 1983 ’ਤੇ ਆਧਾਰਿਤ ਫਿਲਮ 83 ਦਿਖਾਈ ਗਈ।