ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਮਾਜਿਕ ਕਾਰਕੁਨ ਅਤੇ ਯਤੀਮ ਆਸ਼ਰਮ ਸੰਚਾਲਕ ਹਰਪਾਲ ਸਿੰਘ ਥਾਪਰ ਦੀ ਘਾਘੀਡੀਹ ਜੇਲ੍ਹ ਵਿੱਚ ਹੋਈ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਲਈ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੱਤਰ ਲਿਖਿਆ ਹੈ।
ਉਨ੍ਹਾਂ ਲਿਖਿਆ ਹੈ ਕਿ ਮਦਰ ਟੈਰੇਸਾ ਵੈੱਲਫੇਅਰ ਟਰੱਸਟ ਦੇ ਸੰਸਥਾਪਕ ਥਾਪਰ ਨੂੰ ਝੂਠੇ ਦੋਸ਼ਾਂ ਹੇਠ ਜੇਲ੍ਹ ਭੇਜਣ ਦੇ ਬਾਅਦ, ਘਾਘੀਡੀਹ ਜੇਲ੍ਹ ਵਿੱਚ ਤਸ਼ੱਦਦ ਕਰਨ ਤੇ ਉਸ ਦੇ ਬਾਅਦ ਜੇਲ੍ਹ ਵਿੱਚ ਪੂਰਾ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਥਾਪਰ ਦੇ ਪਰਿਵਾਰਿਕ ਮੈਂਬਰਾਂ ਨੇ ਜੇਲ੍ਹ ਵਿੱਚ ਮਾਰ ਕੁਟਾਈ ਦਾ ਵੀ ਦੋਸ਼ ਵੀ ਲਗਾਇਆ ਹੈ। ਟੇਲਕੋ ਘੋੜਾਬਾਂਧਾ ਸਥਿਤ ਸ਼ਮਸ਼ੇਰ ਟਾਵਰ ਵਿੱਚ ਥਾਪਰ ਤੇ ਉਨ੍ਹਾਂ ਦੀ ਪਤਨੀ ਯਤੀਮ ਬੱਚਿਆਂ ਲਈ ਟਰੱਸਟ ਦਾ ਸੰਚਾਲਨ ਕਰਦੇ ਸਨ ਜਿਸ ਵਿੱਚ ਕਰੀਬ 40 ਬੱਚੇ ਰਹਿੰਦੇ ਸਨ। ਇਨ੍ਹਾਂ ਦਾ ਪਾਲਣ-ਪੋਸ਼ਣ ਥਾਪਰ ਆਪਣੇ ਆਰਥਿਕ ਸਰੋਤਾਂ ਨਾਲ ਕਰਕੇ ਸਮਾਜ ਦੀ ਵੱਡੀ ਸੇਵਾ ਕਰ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਭੂ-ਮਾਫੀਆ ਦੀ ਇਸ ਜ਼ਮੀਨ ਉੱਤੇ ਨਜ਼ਰ ਸੀ ਜਿਸ ਕਾਰਨ ਸਾਜ਼ਿਸ਼ ਕਰਕੇ ਥਾਪਰ ਨੂੰ ਜਿਨਸੀ ਸ਼ੋਸ਼ਣ ਦੇ ਫ਼ਰਜ਼ੀ ਦੋਸ਼ਾਂ ਹੇਠ ਜੇਲ੍ਹ ਭੇਜਣ ਦਾ ਪਰਿਵਾਰ ਦਾਅਵਾ ਕਰ ਰਿਹਾ ਹੈ। ਕਿਉਂਕਿ ਹਰਪਾਲ ਸਿੰਘ ਥਾਪਰ ਮਦਰ ਟੈਰੇਸਾ ਵੈੱਲਫੇਅਰ ਟਰੱਸਟ ਦੇ ਸੰਚਾਲਕ ਸਨ ਜਿਸ ਦੀ ਕਾਫ਼ੀ ਜਾਇਦਾਦ ਦੱਸੀ ਜਾ ਰਹੀ ਹੈ। ਇਨ੍ਹਾਂ ਦੇ ਯਤੀਮ ਆਸ਼ਰਮ ਵਿੱਚ ਲਾਵਾਰਿਸ ਬੱਚਿਆਂ ਨੂੰ ਰੱਖਿਆ ਜਾਂਦਾ ਸੀ।