ਪੱਤਰ ਪ੍ਰੇਰਕ
ਯਮੁਨਾਨਗਰ, 8 ਜੁਲਾਈ
ਇੱਥੇ ਅੱਜ ਸਵੇਰੇ ਕਰੀਬ 10.30 ਵਜੇ ਬਾਈਕ ਸਵਾਰ ਦੋ ਵਿਅਕਤੀਆਂ ਨੇ ਸ਼ਹਿਰ ਦੇ ਪਿਆਰਾ ਚੌਕ ਨੇੜੇ ਸੜਕ ’ਤੇ ਸਥਿਤ ਮਹਿੰਦਰਾ ਪੈਟਰੋਲ ਪੰਪ ’ਤੇ ਸੇਲਜ਼ਮੈਨ ਤੋਂ ਕਰੀਬ ਸੱਤ ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਯਮੁਨਾਨਗਰ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਸੇਲਜ਼ਮੈਨ ਰਾਮ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਤਾਂ ਮੌਕੇ ’ਤੇ ਰੇਕੀ ਕੀਤੀ ਅਤੇ ਬਾਅਦ ਵਿੱਚ ਪੈਟਰੋਲ ਪੰਪ ’ਤੇ ਆ ਕੇ ਬਾਈਕ ਵਿੱਚ ਪੈਟਰੋਲ ਪਾਉਣ ਲਈ ਕਿਹਾ। ਜਦੋਂ ਉਸ ਨੇ ਪੈਸੇ ਮੰਗੇ ਤਾਂ ਉਹ ਉਸ ਦੇ ਹੱਥ ਵਿੱਚ ਫੜੇ ਪੈਸੇ ਵੀ ਖੋਹ ਕੇ ਲੈ ਗਏ। ਹਾਲਾਂਕਿ ਉਸ ਨੇ ਵੀ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਲੁਟੇਰਿਆਂ ਨੇ ਬਾਈਕ ਦੀ ਨੰਬਰ ਪਲੇਟ ’ਤੇ ਸਿਆਹੀ ਮਲੀ ਹੋਈ ਸੀ ਅਤੇ ਬਾਈਕ ਦੇ ਅੱਗੇ ਨੰਬਰ ਪਲੇਟ ਨਹੀਂ ਸੀ। ਜਿਸ ਪਾਸਿਓਂ ਉਹ ਤੇਲ ਪਵਾਉਣ ਆਏ ਸਨ, ਉਸ ਪਾਸੇ ਨੂੰ ਭੱਜ ਗਏ। ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਿੰਘ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਨੇ ਇੱਥੇ ਲੱਗੇ ਸੀਸੀਟੀਵੀ ਦੀ ਜਾਂਚ ਕਰਨ ਉਪਰੰਤ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਸ਼ਹਿਰ ’ਚ ਨਾਕਾਬੰਦੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੂੰਹ ’ਤੇ ਕੱਪੜਾ ਲਪੇਟ ਕੇ ਆਏ ਲੁਟੇਰਿਆਂ ਨੇ ਸੇਲਜ਼ਮੈਨ ਦੇ ਹੱਥੋਂ ਲਗਪਗ 6-7 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਹੈ। ਜ਼ਿਕਰਯੋਗ ਹੈ ਕਿ ਸੇਲਜ਼ਮੈਨ ਰਾਤ ਭਰ ਦੀ ਵਿਕਰੀ ਦੇ ਪੈਸੇ ਸਵੇਰੇ ਆਪਣੇ ਮਾਲਕ ਕੋਲ ਜਮ੍ਹਾ ਕਰਵਾਉਂਦੇ ਹਨ। ਫਿਲਹਾਲ ਪੁਲੀਸ ਨੇ ਸ਼ਹਿਰ ਦੀ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।