ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਦਿੱਲੀ ਦੀ ਰੋਹਿਣੀ ਜੇਲ੍ਹ ਵਿੱਚ ਬੰਦ ਕੈਦੀ ਨੂੰ ਸਹੂਲਤਾਂ ਦੇਣ ਲਈ ਕਥਿਤ ਰਿਸ਼ਵਤ ਲੈਣ ਦੇ ਦੋਸ਼ ਹੇਠ 81 ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਪੁਲੀਸ ਦੀ ਆਰਥਿਕ ਅਪਰਾਥ ਸ਼ਾਖਾ ਨੇ ਇਹ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ’ਤੇ ਕੈਦੀ ਸੁਕੇਸ਼ ਚੰਦਰਸ਼ੇਖ਼ਰ ਨਾਂ ਦੇ ਵਿਅਕਤੀ ਤੋਂ ਹਰ ਮਹੀਨੇ ਡੇਢ ਕਰੋੜ ਦੀ ਕਥਿਤ ਰਿਸ਼ਵਤ ਲੈਣ ਦਾ ਦੋਸ਼ ਹੈ।
ਸ਼ਾਖਾ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਜੇਲ੍ਹ ਦੇ ਅਫ਼ਸਰ ਤੇ ਹੋਰ ਅਮਲਾ ਚੰਦਰਸ਼ੇਖਰ ਨੂੰ ਜੇਲ੍ਹ ਤੋਂ ਬਾਹਰ ਆਪਣੇ ਲੋਕਾਂ ਨਾਲ ਸੰਪਰਕ ਕਾਇਮ ਕਰਨ ਲਈ ਮੋਬਾਈਲ ਦੇਣ ਅਤੇ ਵੱਖਰੀ ਬੈਰਕ ਦੇਣ ਸਮੇਤ ਹੋਰ ਸਹੂਲਤਾਂ ਦੇਣ ਬਦਲੇ ਉਕਤ ਰਕਮ ਵਸੂਲਦਾ ਸੀ। ਇਸ ਦਾ ਖੁਲਾਸਾ ਉੱਦੋਂ ਹੋਇਆ ਸੀ ਜਦੋਂ ਅੱਠ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਬੰਦ ਕੈਦੀ ਦੀ ਮਦਦ ਕਰਨ ਦੇ ਦੋਸ਼ ਹੇਠ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ 81 ਅਧਿਕਾਰੀਆਂ ਦੇ ਨਾਂ ਹੱਥ ਲਿਖਤ ਨੋਟ ਮਿਲਿਆ ਹੈ। ਠੱਗੀ ਦੇ ਦੋਸ਼ਾਂ ਹੇਠ ਬੰਦ ਸੁਕੇਸ਼ ਜੇਲ੍ਹ ਨੰਬਰ 10 ਦੇ ਵਾਰਡ 3 ਦੀ ਬੈਰਕ 204 ਵਿੱਚ ਰਹਿੰਦੇ ਹੋਏ ਪੈਸੇ ਦੇ ਜ਼ੋਰ ’ਤੇ ਸਹੂਲਤਾਂ ਮਾਣ ਰਿਹਾ ਸੀ। ਵਿੰਗ ਦੇ ਏਸੀਪੀ ਵਰਿੰਦਰ ਸੇਜਵਾਨ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਸੁਕੇਸ਼ ਵਾਲੇ ਇਲਾਕੇ ਦੇ ਘੱਟੋ-ਘੱਟ 10 ਕੈਮਰਿਆਂ ਨਾਲ ਜੁਲਾਈ ਤੋਂ ਅਗਸਤ 2021 ਦਰਮਿਆਨ ਛੇੜਛਾੜ ਕੀਤੀ ਗਈ ਤਾਂ ਜੋ ਹੋ ਰਹੀ ਗੜਬੜ ਦਾ ਪਤਾ ਨਾ ਲੱਗ ਸਕੇ। ਸੁਕੇਸ਼ ਚੰਦਰਸ਼ੇਖਰ ‘ਤੇ ਫੋਰਟਿਸ ਹੈਲਥਕੇਅਰ ਅਤੇ ਰੈਨਬੈਕਸੀ ਲੈਬ ਦੇ ਸਾਬਕਾ ਪ੍ਰਮੋਟਰਾਂ ਸ਼ਿਵਇੰਦਰ ਅਤੇ ਮਾਲਵਿੰਦਰ ਸਿੰਘ ਦੇ ਪਰਿਵਾਰ ਸਮੇਤ ਉੱਚ-ਪ੍ਰੋਫਾਈਲ ਵਿਅਕਤੀਆਂ ਨੂੰ ਜੇਲ੍ਹ ਵਿੱਚੋਂ ਹੀ ਧੋਖਾ ਦੇਣ ਦਾ ਵੀ ਦੋਸ਼ ਹੈ।