ਨਵੀਂ ਦਿੱਲੀ, 21 ਜੁਲਾਈ
ਕੌਮੀ ਰਾਜਧਾਨੀ ਵਿੱਚ ਅੱਜ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸਥਾਨਕ ਲੋਕਾਂ ਨੇ ਘਰਾਂ ਵਿੱਚ ਵੜਦੇ ਪਾਣੀ ਅਤੇ ਪਾਣੀ ਨਾਲ ਭਰੀਆਂ ਸੜਕਾਂ ’ਤੇ ਫਸੇ ਹੋਏ ਵਾਹਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਭਾਰਤ ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ (ਆਈਐੱਮਡੀ) ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਸਫ਼ਦਰਜੰਗ ਅਤੇ ਲੋਧੀ ਮਾਰਗ ਸਥਿਤ ਮੌਸਮ ਵਿਭਾਗ ਵੱਲੋਂ ਦਿੱਲੀ ਵਿੱਚ ਤਕਰੀਬਨ 20 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਈ.ਐੱਮ.ਡੀ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਸੀ। ਦੱਸਣਯੋਗ ਹੈ ਕਿ ਸਫਦਰਜੰਗ ਆਬਜ਼ਰਵੇਟਰੀ ਵਿੱਚ ਜੁਲਾਈ ਮਹੀਨੇ ਵਿੱਚ ਹੁਣ ਤੱਕ ਕੁੱਲ 127.2 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਤੇ ਐਤਵਾਰ ਨੂੰ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਮਕਾਨ ਢਹਿ ਢੇਰੀ ਹੋ ਗਏ ਸਨ।
-ਪੀਟੀਆਈ