ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਪੁਲੀਸ ਦੇ ਜਹਾਂਗੀਰ ਥਾਣੇ ਦੇ ਚਾਰ ਮੁਲਾਜ਼ਮਾਂ ਨੇ ਛਾਪੇ ਦੌਰਾਨ ਫੜੇ 160 ਕਿਲੋ ਗਾਂਜੇ ਵਿੱਚੋਂ ਕਾਗਜ਼ਾ ਮਾਤਰਾ ਸਿਰਫ਼ ਇੱਕ ਕਿਲੋ ਹੀ ਦਿਖਾਈ। ਮਾਮਲੇ ਦੀ ਜਾਂਚ ਸ਼ੁਰੂ ਕਰਕੇ ਚਾਰਾਂ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿੱਚ ਦੋ ਸਬ-ਇੰਸਪੈਕਟਰ ਪੱਧਰ ਦੇ ਮੁਲਾਜ਼ਮ ਸ਼ਾਮਲ ਹਨ। 11 ਸਤੰਬਰ ਨੂੰ ਉੱਤਰੀ-ਪੂਰਬੀ ਦਿੱਲੀ ਦੇ ਇਕ ਘਰ ਵਿੱਚ ਛਾਪਾ ਮਾਰ ਕੇ ਪੁਲੀਸ ਨੇ ਅਨਿਲ ਨਾਂ ਦੇ ਵਿਅਕਤੀ ਤੋਂ ਵੱਡੀ ਮਾਤਰਾ ਵਿੱਚ ਗਾਂਜਾ ਬਰਾਮਦ ਕੀਤਾ ਸੀ। ਛਾਪੇਮਾਰ ਟੀਮ ਦੇ ਚਾਰ ਮੁਲਾਜ਼ਮਾਂ ਨੇ ਇਕ ਕਿਲੋ ਗਾਂਜੇ ਦੀ ਬਰਾਮਦਗੀ ਦਿਖਾਈ ਤੇ ਕਰੀਬ 160 ਕਿਲੋ ਗਾਂਜਾ ਬਲੈਕ ਕਰਕੇ ਪੈਸੇ ਜੇਬਾਂ ਵਿੱਚ ਪਾ ਲਏ। ਪੁਲੀਸ ਅਧਿਕਾਰੀਆਂ ਮੁਤਾਬਕ ਅਨਿਲ ਨੇ ਓੜੀਸਾ ਤੋਂ ਗਾਂਜਾ ਬਰਾਮਦ ਕੀਤਾ ਸੀ। ਮਾਮਲਾ ਖੁੱਲ੍ਹਣ ਮਗਰੋਂ ਜਾਂਚ ਕੀਤੀ ਗਈ ਤੇ ਅਨਿਲ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਉਸ ਨੇ ਪੁਲੀਸ ਦੀ ਪੋਲ ਖੋਲ੍ਹ ਦਿੱਤੀ।