ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ 1984 ਦੀ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ ਤੇ ਐਲਾਨ ਕੀਤਾ ਕਿ ਜਦੋਂ ਤੱਕ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸ਼ੁਰੂ ਹੋਇਆ ਕੈਂਡਲ ਮਾਰਚ ‘ਸੱਚ ਦੀ ਕੰਧ’ ਉੱਤੇ ਜਾ ਕੇ ਸਮਾਪਤ ਹੋਇਆ। ਰੋਸ ਮਾਰਚ ਦੀ ਅਗਵਾਈ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਵੀ ਹਾਜ਼ਰ ਸਨ।
ਸ੍ਰੀ ਸਿਰਸਾ ਨੇ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਅਜਿਹਾ ਵਰਤਾਰਾ ਹੈ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਕਦੇ ਨਹੀ ਭੁਲਾ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ 37 ਸਾਲਾਂ ਦੌਰਾਨ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਦਾ ਬਚਾਅ ਕੀਤਾ, ਜਦਕਿ ਸਿੱਖ ਕੌਮ ਹਮੇਸ਼ਾ ਉਨ੍ਹਾਂ ਦੋਸ਼ੀਆਂ ਨੁੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰਦੀ ਆ ਰਹੀ ਹੈ। ਸਿਰਸਾ ਨੇ ਕਿ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀ, ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗਾਂਧੀ ਪਰਿਵਾਰ ਦੇ ਕਥਿਤ ਇਸ਼ਾਰੇ ’ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਜੋ ਕਦੇ ਭੁਲਾਇਆ ਨਹੀਂ ਜਾ ਸਕਦਾ।
ਹਰਮੀਤ ਸਿੰਘ ਕਾਲਕਾ ਨੇ ਕਿਹਾ, ‘ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਸੰਘਰਸ਼ ਕਰਦੇ ਹੀ ਰਹਾਂਗੇ।’ ਇਸ ਮੌਕੇ ਕੈਂਡਲ ਮਾਰਚ ਵਿਚ ਸ਼ਾਮਲ ਲੋਕਾਂ ਨੇ ਤਖ਼ਤੀਆਂ ਉੱਤੇ ‘5000 ਲਾਸ਼ੋ ਪਰ ਸਰਕਾਰ ਚੁੱਪ ਕਿਉਂ’, ‘ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਗ੍ਰਿਫ਼ਤਾਰ ਕਰੋ, ਗ੍ਰਿਫ਼ਤਾਰ ਕਰੋ’ ਆਦਿ ਨਾਅਰੇ ਲਿਖੇ ਹੋਏ ਸਨ।