ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਸ਼ਿਵ ਨਗਰ ਤੋਂ ਪੰਥਕ ਸੇਵਾ ਦਲ ਦੇ ਉਮੀਦਵਾਰ ਮਲਕੀਤ ਸਿੰਘ ਪਾਹਵਾ ਨੇ ਦੇਰ ਰਾਤ ਦਸ ਵਜੇ ਤੋਂ ਪਹਿਲਾਂ ਤੱਕ ਚੋਣ ਮੁਹਿੰਮ ਜਾਰੀ ਰੱਖੀ ਤੇ ਇਲਾਕੇ ਦੇ ਸਿੱਖਾਂ ਕੋਲ ਪੰਥਕ ਸੇਵਾ ਦਲ ਦੇ ਏਜੰਡੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਨਾਲ ਹੀ ਇਸ ਦੂਜੀ ਵੱਡੀ ਸਿੱਖ ਸੰਸਥਾ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਚਾਰ ਤੇ ਪ੍ਰਸਾਰ ਕਰਨਾ ਹੀ ਕਮੇਟੀ ਦਾ ਉਦੇਸ਼ ਹੋਣਾ ਚਾਹੀਦਾ ਹੈ ਪਰ ਇਸ ਕਮੇਟੀ ਨੂੰ ਸਿੱਖ ਆਗੂ ਇਕ ਪੌੜੀ ਬਣਾ ਕੇ ਸਿਆਸਤ ਵਿੱਚ ਸਥਾਪਤ ਹੁੰਦੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਪਿਰਤ ਨੂੰ ਠੱਲ੍ਹਣ ਲਈ ਦਿੱਲੀ ਦੇ ਸਿੱਖਾਂ ਨੂੰ ਵੱਡੇ ਬਦਲਾਅ ਸ਼ੁਰੂ ਕਰਨ ਲਈ ਚੋਣਾਂ ’ਚ ਨਵੇਂ ਤੇ ਸਿੱਖੀ ਨੂੰ ਸਮਰਪਿਤ ਲੋਕਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ।