ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਪ੍ਰਚਾਰ ਸਮੱਗਰੀ ਵਿੱਚੋਂ ਪੰਜਾਬੀ ਗਾਇਬ ਤਾਂ ਹੁੰਦੀ ਹੀ ਜਾ ਰਹੀ ਹੈ ਨਾਲ ਹੀ ਉਮੀਦਵਾਰਾਂ ਵੱਲੋਂ ਜਾਂ ਧੜਿਆਂ ਵੱਲੋਂ ਪੰਜਾਬੀ ਨੂੰ ਗੁਰਮੁੱਖੀ ਲਿੱਪੀ ਦੀ ਥਾਂ ਦੇਵਨਾਗਰੀ ਲਿੱਪੀ ਵਿੱਚ ਛਾਪ ਕੇ ਵੰਡਿਆ ਜਾ ਰਿਹਾ ਹੈ। ਧਾਰਮਿਕ ਚੋਣਾਂ ਲੜਨ ਵਾਲੇ ਦਲਾਂ ਵੱਲੋਂ ਮਾਂ-ਬੋਲੀ ਨਾਲ ਹੀ ਧਰੋਹ ਕਮਾਇਆ ਜਾ ਰਿਹਾ ਹੈ।
ਯਾਦ ਰਹੇ ਕਿ ਗੁਰਮੁੱਖੀ ਲਿਪੀ ਹੀ ਪੰਜਾਬੀ ਲਿਖਣ ਦੀ ਪ੍ਰਮਾਣਿਕ ਲਿੱਪੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਉਮੀਦਵਾਰਾਂ ਦੇ ਐਲਾਨ ਨਾਲ ਉਮੀਦਵਾਰਾਂ ਨੇ ਪ੍ਰਚਾਰ ਸਮੱਗਰੀ ਵੀ ਛਾਪਣੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿੱਚ ਸਭ ਤੋਂ ਵੱਧ ਪੰਜਾਬੀ ਤੇ ਸਿੱਖ ਇੱਕੋ ਸ਼ਹਿਰ ਵਿੱਚ ਰਹਿੰਦੇ ਹੋਣ ਦਾ ਰਿਕਾਰਡ ਹੈ ਪਰ ਹਾਲਤ ਇਹ ਹੈ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਨਹੀਂ ਆਉਂਦੀ ਜਿਸ ਕਰਕੇ ਉਮੀਦਵਾਰਾਂ ਨੂੰ ਸਿੱਖ ਵੋਟਰਾਂ ਤੱਕ ਆਪਣੀ ਗੱਲ ਪੁੱਜਦੀ ਕਰਨ ਲਈ ਦੇਵਨਾਗਰੀ ਲਿੱਪੀ ਦੀ ਵਰਤੋਂ ਕਰਨੀ ਪੈ ਰਹੀ ਹੈ ਜਿਸ ਵਿੱਚ ਬਹੁਤਾ ਕਰਕੇ ਹਿੰਦੀ ਲਿਖੀ ਜਾਂਦੀ ਹੈ। ਅੱਜ ਗੁਰਦੁਆਰਾ ਰਕਾਬ ਗੰਜ ਵਿਚ ਇਕ ਆਗੂ ਦੇ ਸਮਰਥਕਾਂ ਵੱਲੋਂ ਦੇਵਨਾਗਰੀ ਲਿੱਪੀ ਵਿੱਚ ਲਿਖੇ 32 ਮੰਗਾਂ ਵਾਲੇ ਪਰਚੇ ਵੰਡੇ ਗਏ।
ਸਿੱਖ ਬੁੱਧੀਜੀਵੀ ਡਾ.ਮਨਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬੀ ਭਾਸ਼ਾ ਤੇ ਗੁਰਮੁੱਖੀ ਲਿੱਪੀ ਨੂੰ ਢਾਹ ਲੱਗੇਗੀ ਤੇ ਪੰਜਾਬੀ ਵਿਰੋਧੀ ਧਿਰਾਂ ਨੂੰ ਇਹ ਆਖਣ ਦਾ ਮੌਕਾ ਮਿਲੇਗਾ ਕਿ ਦਿੱਲੀ ਕਮੇਟੀ ਵਰਗੀਆਂ ਧਾਰਮਿਕ ਚੋਣਾਂ ਦੌਰਾਨ ਉਹੀ ਉਮੀਦਵਾਰ ਦੇਵਨਾਗਰੀ ਲਿੱਪੀ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਪਹਿਲਾਂ ਜਾਂ ਚੋਣਾਂ ਜਿੱਤ ਕੇ ਪੰਜਾਬੀ ਦੀ ਤਰੱਕੀ ਬਾਰੇ ਦਮਗਜ਼ੇ ਮਾਰਨੇ ਹੁੰਦੇ ਹਨ।