ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਮਈ
ਦੱਖਣੀ ਦਿੱਲੀ ਨਗਰ ਨਿਗਮ ਨੇ ਅੱਜ ਨਾਜਾਇਜ਼ ਉਸਾਰੀਆਂ ਦੀ ਤੋੜ-ਫੋੜ ਦੀ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ। ਮੁਹਿੰਮ ਦਾ ਪਹਿਲਾ ਪੜਾਅ 13 ਮਈ ਤੱਕ ਜਾਰੀ ਰਹੇਗਾ। ਤੋੜ-ਫੋੜ ਦੀ ਮੁਹਿੰਮ ਤੁਗਲਕਾਬਾਦ ਦੇ ਕਰਨੀ ਸਿੰਘ ਸ਼ੂਟਿੰਗ ਰੇਂਜ ਖੇਤਰ ਤੋਂ ਸ਼ੁਰੂ ਹੋਈ। ਐੱਸਡੀਐੱਮਸੀ ਦੇ ਮੇਅਰ ਮੁਕੇਸ਼ ਸੂਰਿਆਨ ਨੇ ਕਿਹਾ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਫੋਰਸ ਦੀ ਤਾਇਨਾਤੀ ਜ਼ਰੂਰੀ ਹੈ। ਕੇਂਦਰੀ ਸਥਾਈ ਕਮੇਟੀ ਦੇ ਚੇਅਰਮੈਨ ਰਾਜਪਾਲ ਸਿੰਘ ਕਿਹਾ ਕਿ 13 ਮਈ ਤੱਕ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਲਈ ਕੀਤੀ ਜਾ ਰਹੀ ਮੁਹਿੰਮ ਲਈ ਨੋਟਿਸ ਦੀ ਕੋਈ ਲੋੜ ਨਹੀਂ ਹੈ।
ਅੱਜ ਮਹਿਰੌਲੀ-ਬਦਰਪੁਰ ਰੋਡ ’ਤੇ ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਆਲੇ-ਦੁਆਲੇ ਤੁਗ਼ਲਕਾਬਾਦ ਵਿੱਚ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਨੇੜੇ ਚਾਰ ਤੋਂ ਛੇ ਦੁਕਾਨਾਂ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਸਵੇਰੇ 11.30 ਵਜੇ ਸ਼ੁਰੂ ਹੋਈ ਅਤੇ ਮੀਂਹ ਪੈਣ ਮਗਰੋਂ ਰੋਕ ਦਿੱਤੀ ਗਈ। 5 ਮਈ ਨੂੰ ਕਾਲਿੰਦੀ ਕੁੰਜ ਮੇਨ ਰੋਡ ’ਤੇ ਕਾਲਿੰਦੀ ਕੁੰਜ ਪਾਰਕ ਤੋਂ ਜਾਮੀਆ ਨਗਰ ਥਾਣੇ ਤੱਕ ਕਬਜ਼ੇ ਹਟਾਏ ਜਾਣਗੇ। 6 ਮਈ ਨੂੰ ਸ੍ਰੀਨਿਵਾਸਪੁਰੀ ਪ੍ਰਾਈਵੇਟ ਕਲੋਨੀ ਤੋਂ ਓਖਲਾ ਰੇਲਵੇ ਸਟੇਸ਼ਨ ਗਾਂਧੀ ਕੈਂਪ ਤੱਕ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਬਾਅਦ ਦੋ ਦਿਨਾਂ ਦੇ ਅੰਤਰਾਲ ਤੋਂ ਬਾਅਦ ਸ਼ਾਹੀਨ ਬਾਗ਼ ਜੀ-ਬਲਾਕ ਤੋਂ ਜਸੋਲਾ ਤੇ ਜਸੋਲਾ ਨਾਲੇ ਤੋਂ ਕਾਲਿੰਦੀ ਕੁੰਜ ਪਾਰਕ ਤੱਕ ਢਾਹੁਣ ਦੀ ਮੁਹਿੰਮ ਚਲਾਈ ਜਾਵੇਗੀ। 10 ਮਈ ਨੂੰ ਨਿਊ ਫਰੈਂਡਜ਼ ਕਲੋਨੀ ਤੋਂ ਬੁੱਧ ਧਰਮ ਮੰਦਰ ਤੱਕ ਤੇ ਗੁਰਦੁਆਰਾ ਰੋਡ ਦੇ ਆਲੇ-ਦੁਆਲੇ ਮੁਹਿੰਮ ਚਲਾਈ ਜਾਵੇਗੀ। 11 ਮਈ ਨੂੰ ਇਹ ਲੋਧੀ ਕਲੋਨੀ, ਮੇਹਰਚੰਦ ਮਾਰਕੀਟ ਤੇ ਸਾਈਂ ਮੰਦਰ ਦੇ ਆਲੇ-ਦੁਆਲੇ, ਜਵਾਹਰ ਲਾਲ ਨਹਿਰੂ ਸਟੇਡੀਅਮ, 12 ਮਈ ਨੂੰ ਢੀਨਸੇਨ ਮਾਰਗ, ਇਸਕਨ ਮੰਦਰ ਮਾਰਗ ਤੇ ਆਲੇ-ਦੁਆਲੇ ਦੇ ਖੇਤਰਾਂ ਤੱਕ ਫੈਲੇਗੀ। 13 ਮਈ ਨੂੰ ਖੁੱਡਾ ਕਲੋਨੀ ਵਿੱਚ ਕਬਜ਼ੇ ਹਟਾਏ ਜਾਣਗੇ। ਸੂਰਿਆਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਕਬਜ਼ੇ ਵਿਰੋਧੀ ਮੁਹਿੰਮ ਚਲਾਉਣ ਲਈ ਕਈ ਵਾਰਡਾਂ ਦੀ ਪਛਾਣ ਕੀਤੀ ਹੈ, ਜਿਸ ਵਿੱਚ ਤਿਲਕ ਨਗਰ, ਪੱਛਮੀ ਜ਼ੋਨ ਵਿੱਚ ਵਿਸ਼ਨੂੰ ਗਾਰਡਨ, ਮਦਨਪੁਰ, ਜਸੋਲਾ ਵਿਹਾਰ, ਸਰਿਤਾ ਵਿਹਾਰ ਤੇ ਸੰਗਮ ਵਿਹਾਰ ਸ਼ਾਮਲ ਹਨ। ਇਸ ਤੋਂ ਪਹਿਲਾਂ ਨਜ਼ਫਗੜ੍ਹ ਦੇ ਸਾਗਰਪੁਰ ਦੇ ਗਾਂਧੀ ਮਾਰਕੀਟ ਵਿੱਚ ਮੁਹਿੰਮ ਚਲਾਈ ਸੀ ਜਿੱਥੇ ਲੋਕਾਂ ਨੇ ਡਰੇਨ ’ਤੇ ਕਬਜ਼ੇ ਕੀਤੇ ਹੋਏ ਸਨ। ਨਗਰ ਨਿਗਮ ਨੇ ਦਾਅਵਾ ਕੀਤਾ ਕਿ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ ਅਤੇ ਫੈਕਟਰੀਆਂ ਚਲਾ ਰਹੇ ਹਨ।
ਲੋਕਾਂ ਨੇ ਨਗਰ ਨਿਗਮ ’ਤੇ ਲਾਇਆ ਨੋਟਿਸ ਨਾ ਭੇਜਣ ਦਾ ਦੋਸ਼
ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਐਸਡੀਐਮ/ ਐਮਸੀਡੀ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ। ਅਸ਼ਰਫ ਨੇ ਕਿਹਾ ਕਿ ਉਸ ਦੀ ਫਲਾਂ ਦੇ ਜੂਸ ਦੀ ਦੁਕਾਨ ਨੂੰ ਉਸ ਸਮੇਂ ਢਾਹ ਦਿੱਤਾ ਗਿਆ ਜਦੋਂ ਉਹ ਐਮਸੀਡੀ ਦਾ ਵਿਰੋਧ ਕਰ ਰਿਹਾ ਸੀ। ਉਨ੍ਹਾਂ ਕਿਹਾ, ‘ਉਨ੍ਹਾਂ ਨੇ ਪਹਿਲਾਂ ਮੇਰੇ ਦੋਸਤ ਦੀ ਦੁਕਾਨ ਨੂੰ ਤੋੜ ਦਿੱਤਾ। ਮੈਂ ਇਸ ਦਾ ਵਿਰੋਧ ਕਰ ਰਿਹਾ ਸੀ ਪਰ ਫਿਰ ਉਨ੍ਹਾਂ ਨੇ ਮੇਰੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਮੈਂ ਤੇ ਮੇਰੇ ਪਿਤਾ 23 ਸਾਲਾਂ ਤੋਂ ਦੁਕਾਨ ਚਲਾ ਰਹੇ ਹਾਂ। ਮੈਂ ਰੋਂਦਾ ਰਿਹਾ ਤੇ ਉਨ੍ਹਾਂ ਨੂੰ ਰਜਿਸਟਰੇਸ਼ਨ ਦੇ ਕਾਗਜ਼ ਦਿਖਾਏ ਪਰ ਉਹ ਨਹੀਂ ਰੁਕੇ। ਮੇਰੇ ਕੋਲ ਫਲ, ਇਲੈਕਟ੍ਰਿਕ ਜਨਰੇਟਰ ਪੱਖਾ, ਜੂਸਰ ਤੇ ਮਿਕਸਰ ਸਨ।’ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ 90,000 ਰੁਪਏ ਦਾ ਨੁਕਸਾਨ ਹੋਇਆ ਹੈ। ਸੰਗਮ ਵਿਹਾਰ ਦੇ ਰਹਿਣ ਵਾਲੇ ਅਨੁਜ ਕੁਮਾਰ (46) ਨੇ ਕਿਹਾ, ‘ਮੈਂ ਪਾਣੀ ਦੀਆਂ ਬੋਤਲਾਂ, ਸਿਗਰਟਾਂ ਅਤੇ ਸਨੈਕਸ ਵੇਚਦਾ ਹਾਂ। ਮੈਂ ਪਿਛਲੇ 12 ਸਾਲਾਂ ਤੋਂ ਦੁਕਾਨ ਚਲਾ ਰਿਹਾ ਹਾਂ। ਅਜਿਹਾ ਕਦੇ ਨਹੀਂ ਹੋਇਆ ਹੈ। ਮੇਰੇ ਕੋਲ ਸਾਰੇ ਦਸਤਾਵੇਜ਼ ਅਤੇ ਰਸੀਦਾਂ ਹਨ। ਮੇਰੇ ਤਿੰਨ ਬੱਚੇ ਹਨ ਅਤੇ ਤਿੰਨੋਂ ਸਕੂਲ ਜਾਂਦੇ ਹਨ। ਮੈਂ ਦੁਬਾਰਾ ਦੁਕਾਨ ਲਗਾ ਦਿਆਂਗਾ। ਮੈਨੂੰ ਕੋਈ ਪਰਵਾਹ ਨਹੀਂ ਕਿ ਇਹ ਦੁਬਾਰਾ ਢਹਿ-ਢੇਰੀ ਹੋ ਜਾਂਦੀ ਹੈ। ਮੇਰੇ ਕੋਲ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਹੋਰ ਕੋਈ ਸਾਧਨ ਨਹੀਂ ਹੈ।’ ਸ਼ੂਟਿੰਗ ਰੇਂਜ ਦੇ ਬਾਹਰ ਪਾਨ ਦੀ ਦੁਕਾਨ ਚਲਾਉਣ ਵਾਲੇ ਰਵੀ ਗੁਪਤਾ (23) ਨੇ ਕਿਹਾ, ‘ਉਹ ਆਏ ਤੇ ਸਭ ਕੁਝ ਲੈ ਗਏ। ਮੇਰੇ ਕੋਲ ਹੁਣ ਕੁਝ ਨਹੀਂ ਬਚਿਆ। ਮੇਰੀ ਦੁਕਾਨ ਢਾਹ ਦਿੱਤੀ ਗਈ ਸੀ ਤੇ ਮੈਂ ਕੁਝ ਨਹੀਂ ਕਰ ਸਕਦਾ ਸੀ। ਸਾਡੇ ਕੋਲ ਰਸੀਦ ਹੈ। ਦੁਕਾਨ ਗੈਰ-ਕਾਨੂੰਨੀ ਨਹੀਂ ਹੈ’
ਉੱਘੀਆਂ ਹਸਤੀਆਂ ਨੇ ਭੰਨ-ਤੋੜ ਤੁਰੰਤ ਰੋਕਣ ਦੀ ਅਪੀਲ ਕੀਤੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਘੀਆਂ ਹਸਤੀਆਂ ਨੇ ਦਿੱਲੀ ਸਰਕਾਰ ਤੇ ਨਗਰ ਨਿਗਮਾਂ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਵਿੱਚ ਤੋੜ-ਫੋੜ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਪੱਤਰ ’ਤੇ ਦਸਤਖਤ ਕਰਨ ਵਾਲਿਆਂ ਵਿੱਚ ਅਰਥ ਸ਼ਾਸਤਰੀ ਜਯਤੀ ਘੋਸ਼, ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਦੇ ਮੈਂਬਰ ਮਾਲਿਨੀ ਭੱਟਾਚਾਰੀਆ ਤੇ ਮਰੀਅਮ ਧਾਵਲੇ, ਸਮਾਜਿਕ ਕਾਰਕੁਨ ਅੰਜਲੀ ਭਾਰਦਵਾਜ ਤੇ ਆਲ ਇੰਡੀਆ ਪ੍ਰਗਤੀਸ਼ੀਲ ਮਹਿਲਾ ਸੰਘ ਦੀ ਮੈਂਬਰ ਕਵਿਤਾ ਕ੍ਰਿਸ਼ਨਨ ਸ਼ਾਮਲ ਹਨ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਨਗਰ ਨਿਗਮ ਨੂੰ ਸੰਬੋਧਿਤ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਕਿਰਾਏ ’ਤੇ ਲਏ ਗਏ ਬੁਲਡੋਜ਼ਰ ਲੋਕਾਂ ਦੀ ਰੋਜ਼ੀ-ਰੋਟੀ ਲਈ ਜ਼ਰੂਰੀ ਅਸਥਾਈ ਢਾਂਚੇ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਇਸ ‘ਬੇਇਨਸਾਫ਼ੀ’ ਦਾ ਗੰਭੀਰ ਨੋਟਿਸ ਲੈਣ ਤੇ ਕਿਸੇ ਵੀ ਤਰ੍ਹਾਂ ਦੀ ਤੋੜ-ਫੋੜ ਦੀ ਮੁਹਿੰਮ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਦਿੱਲੀ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਤੰਗ ਕਰਨ ਲਈ ਇਸ ਕਬਜ਼ੇ ਵਿਰੋਧੀ ਮੁਹਿੰਮ ਨੂੰ ਇੱਕ ਸੰਦ ਵਜੋਂ ਵਰਤਿਆ ਜਾ ਰਿਹਾ ਹੈ।