ਪੱਤਰ ਪ੍ਰੇਰਕ
ਨਵੀ ਦਿੱਲੀ, 10 ਜੂਨ
ਚੀਨ ਦੇ ਭਾਰਤ ਵਿਰੋਧੀ ਰਵੱਈਏ ਦੇ ਮੱਦੇਨਜ਼ਰ, ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਅੱਜ ਦੇਸ਼ ਭਰ ਵਿੱਚ ਚੀਨੀ ਸਾਮਾਨ ਦਾ ਬਾਈਕਾਟ ਕਰਨ ਲਈ ਇੱਕ ਕੌਮੀ ਮੁਹਿੰਮ ‘ਭਾਰਤੀ ਚੀਜ਼ਾਂ- ਸਾਡਾ ਮਾਣ’ ਦੀ ਸ਼ੁਰੂਆਤ ਕੀਤੀ। ਕੈਟ ਨੇ ਅੱਜ ਰੇਲ ਗੱਡੀਆਂ ਵਿਚ ਫੇਸ ਮਾਸਕ ਤੇ ਚਾਹ ਦੇ ਗਲਾਸ ਜਾਰੀ ਕਰ ਕੇ ਚੀਨੀ ਮਾਲ ਦਾ ਬਾਈਕਾਟ ਕਰਨ ਲਈ ਕੌਮੀ ਮੁਹਿੰਮ ਦੀ ਸ਼ੁਰੂਆਤ ਕੀਤੀ। ਕੈਟ ਦੀ ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵੋਕਲ ਆਨ ਲੋਕਲ’ ਤੇ ‘ਸਵੈ-ਨਿਰਭਰ ਭਾਰਤ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਇਕ ਕਦਮ ਹੈ। ਕੈਟ ਨੇ ਕਿਹਾ ਕਿ ਭਾਰਤ ਸਮੇਤ ਦੁਨੀਆ ਭਰ ਦੇ ਕਰੋਨਾ ਮਹਾਂਮਾਰੀ ਨੇ ਭਾਰਤ ਅਤੇ ਵਿਸ਼ਵ ਦੀ ਆਰਥਿਕਤਾ ਨੂੰ ਵਿਗਾੜ ਦਿੱਤਾ। ਲੋਕ ਹੁਣ ਚੀਨੀ ਸਾਮਾਨ ਤੋਂ ਮੂੰਹ ਮੋੜ ਰਹੇ ਹਨ। ਇਸ ਮੁਹਿੰਮ ਦੇ ਤਹਿਤ ਕੈਟ ਦੇਸ਼ ਭਰ ਦੇ ਵਪਾਰੀ ਤੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਚੀਨੀ ਚੀਜ਼ਾਂ ਦੀ ਬਜਾਏ ਭਾਰਤੀ ਉਤਪਾਦਾਂ ਨੂੰ ਖਰੀਦਿਆ ਜਾਣਾ ਚਾਹੀਦਾ ਹੈ।