ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਫਰਵਰੀ
ਪੰਜਾਬ ਵਿੱਚ ਸਿਆਸੀ ਵਿਰੋਧੀਆਂ ਵੱਲੋਂ ਵੱਖਵਾਦੀ ਵਿਚਾਰਾਂ ਨੂੰ ਪਨਾਹ ਦੇਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਉਹ ਅਤਿਵਾਦੀ ਕਹਿੰਦੇ ਹਨ ਉਹ ਦੇਸ਼ ਦੀ ਭਲਾਈ ਨੂੰ ਸਮਰਪਿਤ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ 12,430 ਸਮਾਰਟ ਕਲਾਸਰੂਮ ਬਣਾਏ ਹਨ। ਸ੍ਰੀ ਕੇਜਰੀਵਾਲ ਨੇ ਕਿਹਾ, ‘‘ਜਿਸ ਵਿਅਕਤੀ ਨੂੰ ਤੁਸੀਂ ਅਤਿਵਾਦੀ ਕਹਿ ਰਹੇ ਹੋ ਉਹ ਅੱਜ 12,430 ਕਲਾਸਰੂਮ ਦੇਸ਼ ਨੂੰ ਸਮਰਪਿਤ ਕਰ ਰਿਹਾ ਹੈ। ਉਹ ਅਤਿਵਾਦੀ ਅਜਿਹੇ ਸਕੂਲ ਬਣਾ ਰਿਹਾ ਹੈ ਜਿੱਥੇ ਗਰੀਬ ਤੇ ਅਮੀਰ ਇਕੱਠੇ ਪੜ੍ਹ ਸਕਣ। ਉਹ ਅਤਿਵਾਦੀ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਾਡਾ ਉਦੇਸ਼ ਚੋਣਾਂ ਲੜਨਾ ਅਤੇ ਹਰ ਜਗ੍ਹਾ ਜਿੱਤਣਾ ਨਹੀਂ ਹੈ। ਅਸੀਂ ਨੈਪੋਲੀਅਨ ਨਹੀਂ ਹਾਂ… ਸਾਡੀ ਤਰਜੀਹ ਦੇਸ਼ ਹੈ। ਜੇਕਰ ਚੰਗਾ ਕੰਮ ਕਰ ਕੇ ਵੋਟਾਂ ਹਾਸਲ ਕਰਦੇ ਹਾਂ ਤਾਂ ਅਜਿਹਾ ਹੋਣ ਦਿਓ। ਸਾਨੂੰ ਇਸ ਦਾ ਕੀ ਫਾਇਦਾ? ਦੇਸ਼ ਨੂੰ ਅੱਗੇ ਵਧਣਾ ਚਾਹੀਦਾ ਹੈ।’’‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘‘ਜੇ ਚੰਗੇ ਸਕੂਲ ਬਣਾਏ ਜਾਂਦੇ ਹਨ ਤਾਂ ਸਿਆਸਤਦਾਨ ਜਾਤ ਤੇ ਧਰਮ ਦੇ ਨਾਮ ’ਤੇ ਵੋਟਾਂ ਲੈਣੀਆਂ ਬੰਦ ਕਰ ਦੇਣਗੇ। ਉਹ ਸਕੂਲ ਨਹੀਂ ਚਾਹੁੰਦੇ, ਦੇਸ਼ ਭਗਤ ਪੈਦਾ ਕਰਨ ਲਈ ਫੈਕਟਰੀਆਂ ਚਾਹੁੰਦੇ ਹਨ। ਇੱਕ ਵਾਰ ਸਿੱਖਿਅਤ ਹੋ ਜਾਣ ਤੋਂ ਬਾਅਦ ਲੋਕ ਜਾਤ ਤੇ ਧਰਮ ਦੇ ਨਾਂ ’ਤੇ ਨਹੀਂ, ਵਿਕਾਸ ਲਈ ਵੋਟ ਪਾਉਣਗੇ।’’
ਕੇਜਰੀਵਾਲ ਨੇ ਅੱਗੇ ਕਿਹਾ, ‘‘ਦੇਸ਼ ਦੀ ਸਮੁੱਚੀ ਵਿਵਸਥਾ ਨੂੰ ਦੇਖਦੇ ਹੋਏ ਇਹ ਇਕ ਚਮਤਕਾਰ ਹੈ। ਆਮ ਤੌਰ ’ਤੇ ਸਕੂਲਾਂ ਤੇ ਹਸਪਤਾਲਾਂ ਦੇ ਨੀਂਹ ਪੱਥਰ ਚੋਣਾਂ ਤੋਂ ਪਹਿਲਾਂ ਹੀ ਰੱਖੇ ਜਾਂਦੇ ਹਨ ਅਤੇ ਉਹ ਕਦੇ ਪੂਰੇ ਨਹੀਂ ਹੁੰਦੇ।’’
ਉਨ੍ਹਾਂ ਕਿਹਾ, ‘‘ਇਹ ਮੰਦਭਾਗੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਡਿੱਗਦੇ ਮਿਆਰ ਕਾਰਨ ਗਰੀਬ ਲੋਕ ਦੁੱਖੀ ਹਨ। ਦਿੱਲੀ ਵਿੱਚ ਘੱਟੋ-ਘੱਟ ਬਾਬਾ ਸਾਹਿਬ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।’’ ਕੇਜਰੀਵਾਲ ਨੇ ਕਿਹਾ, ‘‘ਜੇਕਰ ਦੇਸ਼ ਦੀ ਕੋਈ ਵੀ ਸਰਕਾਰ ਭਾਵੇਂ ਉਹ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ, ਆਪਣੀ ਸਿੱਖਿਆ ਪ੍ਰਣਾਲੀ ਸੁਧਾਰਨ ਲਈ ਮਨੀਸ਼ ਸਿਸੋਦੀਆ ਦੀ ਮਦਦ ਲੈ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਸਿਹਰਾ ਉਹ ਸਿਹਤ ਮੰਤਰੀ ਸਤੇਂਦਰ ਜੈਨ ਸਿਰ ਸਜਾਉਣਗੇ।