ਨਵੀਂ ਦਿੱਲੀ(ਪੱਤਰ ਪ੍ਰੇਰਕ): ਹਰਿਆਣਾ ਵਿੱਚ ਬੀਤੇ 4 ਦਿਨਾਂ ਤੋਂ ਰੁਕ ਰੁਕ ਪੈ ਰਹੇ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਬਾਰੇ ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਖੇਤੀ ਮੰਤਰੀ ਜੇ.ਪੀ. ਦਲਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫਸਲਾਂ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ। ਸ੍ਰੀ ਚਡੂਨੀ ਨੇ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਦੀ ਮੌਜੂਦਾ ਸਮੇਂ ਬੀਜੀਆਂ ਹੋਈਆਂ ਫਸਲਾਂ ਸਰੋਂ, ਤੋਰੀਆ ਤੇ ਕਣਕ ਨੂੰ ਮੀਂਹ ਨਾਲ ਨੁਕਸਾਨ ਹੋਇਆ ਹੈ ਤੇ ਗੋਭੀ, ਆਲੂ ਤੇ ਹੋਰ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਮੀਂਹ ਨੇ ਕੀਤਾ ਹੈ। ਉਨ੍ਹਾਂ ਹਰਿਆਣਾ ਦੇ ਖੇਤਾਂ ਵਿੱਚ ਮੀਂਹ ਦੇ ਖੜ੍ਹੇ ਪਾਣੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸਰਕਾਰ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ ਕਿ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਨਾਲ ਹੋਈ ਆਰਥਿਕ ਹਾਨੀ ਤੋਂ ਬਚਾਇਆ ਜਾ ਸਕੇ।