ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਕੌਮੀ ਰਾਜਧਾਨੀ ਦੇ ਪ੍ਰਾਈਵੇਟ ਕੈਬ ਚਾਲਕਾਂ ਨੇ ਅੱਜ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਸ੍ਰੀ ਗਹਿਲੌਤ ਨੇ ਕੈਬ ਚਾਲਕਾਂ ਨੂੰ ਉਨ੍ਹਾਂ ਦੀਆਂ ਮੰਗਾਂ ਵਿਚਾਰਨ ਦਾ ਭਰੋਸਾ ਦਿੱਤਾ। ਚਾਲਕਾਂ ਦੇ ਵਫ਼ਦ ਨੇ ਦੱਸਿਆ ਕਿ ਮਹਿੰਗਾਈ ਦੇ ਦੌਰ ਵਿੱਚ ਉਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਤੇ ਦਿੱਲੀ ਟ੍ਰੈਫਿਕ ਪੁਲੀਸ ਹੱਥੋਂ ਉਹ ਬਹੁਤ ਤੰਗ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਦੇ ਕੈਬ ਚਾਲਕਾਂ ਵੱਲੋਂ ਇੱਕ ਰੋਜ਼ਾ ਹੜਤਾਲ ਵੀ ਕੀਤੀ ਗਈ ਸੀ। ਹੜਤਾਲ ਦਾ ਕਾਰਨ ਦਿੱਲੀ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਤੇ ਦਿੱਲੀ ਪੁਲੀਸ ਵੱਲੋਂ ਕੈਬ ਚਾਲਕਾਂ ਨੂੰ ਵਰਦੀ ਪਾਉਣ, ਤੈਅ ਸਮਰੱਥਾ ਮੁਤਾਬਕ ਹੀ ਬੱਚਿਆਂ ਨੂੰ ਕੈਬਾਂ ਵਿੱਚ ਬੈਠਾਉਣ ਦੀ ਤਾਕੀਦ ਲਈ ਬੀਤੇ 15 ਦਿਨਾਂ ਤੋਂ ਮੁਹਿੰਮ ਜਾਰੀ ਸੀ ਤੇ ਕਈ ਕੈਬਾਂ ਨੂੰ ਜੁਰਮਾਨਾ ਕੀਤਾ ਗਿਆ ਸੀ। ਚਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਕਰੀਬ 4 ਲੱਖ ਬੱਚਿਆਂ ਨੂੰ ਸਕੂਲਾਂ ਤੱਕ ਢੋਂਦੇ ਹਨ ਤੇ ਹਰ ਨਿੱਜੀ ਸਕੂਲ ਵਿੱਚ 1000 ਦੇ ਕਰੀਬ ਬੱਚੇ ਪ੍ਰਾਈਵੇਟ ਕੈਬ ਸਹੂਲਤ ਦੀ ਵਰਤੋਂ ਕਰਦੇ ਹਨ। ਕੈਲਾਸ਼ ਗਹਿਲੌਤ ਵੱਲੋਂ ਕੈਬ ਚਾਲਕਾਂ ਨੂੰ ਕਿਹਾ ਗਿਆ ਕਿ ਉਹ ਕੈਬਾਂ ਵਣਜ ਕਾਰਜਾਂ ਲਈ ਵਰਤ ਸਕਦੇ ਹਨ ਜਿਸ ਦਾ ਚਲਾਨ ਨਹੀਂ ਕੱਟਿਆ ਜਾਵੇਗਾ। ਉਨ੍ਹਾਂ ਨੂੰ ਅਗਲੇ 6 ਮਹੀਨਿਆਂ ਵਿੱਚ ਗੱਡੀ ਟੈਗ ਦਿੱਤਾ ਜਾਵੇੇਗਾ। ਪੁਰਾਣੀਆਂ ਗੱਡੀਆਂ, ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ, ਨੂੰ ਸਕੂਲ ਕੈਬ ਸਕੀਮ ਤਹਿਤ ਰਜਿਸਟਰਡ ਕਰਵਾਉਣ ਲਈ ਵੀ ਸੰਚਾਲਕਾਂ ਨੂੰ ਕਿਹਾ ਗਿਆ ਹੈ ਤੇ ਬਾਕੀ ਜਾਇਜ਼ ਮੰਗਾਂ ਬਾਰੇ ਵੀ ਢੁੱਕਵਾਂ ਕਦਮ ਪੁੱਟਿਆ ਜਾਵੇਗਾ।