ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਰਾਂ ਵਿੱਚ ਉਤਸ਼ਾਹ ਮੱਠਾ ਹੈ ਤੇ ਉਹ ਘਰਾਂ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਹਨ। ਗਰਮੀ ਦਾ ਕਹਿਰ ਵੋਟਰਾਂ ਅੱਗੇ ਮੁਸੀਬਤ ਬਣ ਗਿਆ ਹੈ ਜਿਸ ਕਰਕੇ ਵੋਟਰਾਂ ਨੇ ਚੁੱਪ ਧਾਰ ਰੱਖੀ ਹੈ। ਵੋਟਰ ਖੁੱਲ੍ਹ ਕੇ ਆਪਣੀ ਰਾਇ ਦੇਣ ਤੋਂ ਕਤਰਾ ਰਹੇ ਹਨ। ਉਪ ਚੋਣ ਦੌਰਾਨ ਆਮ ਹਾਲਤਾਂ ਵਿੱਚ ਘੱਟ ਫ਼ੀਸਦੀ ਹੀ ਵੋਅ ਪੋਲ ਹੁੰਦੀ ਹੈ। ਇਸ ਵਾਰ ਦੀ ਜ਼ਿਮਨੀ ਚੋਣ ਦੌਰਾਨ ਬਹੁਤ ਭਖ਼ਦਾ ਮਸਲਾ ਅਜੇ ਨਹੀਂ ਬਣਿਆ। ਸੱਤਾਧਾਰੀ ਧਿਰ ਖ਼ਿਲਾਫ਼ ਕੋਈ ਵੱਡੀ ਨਰਾਜ਼ਗੀ ਨਜ਼ਰ ਨਹੀਂ ਆ ਰਹੀ। ਜੋ ਸਮੱਸਿਆਵਾਂ ਇਸ ਇਲਾਕੇ ਵਿੱਚ ਹਨ ਉਹ ਸਾਰੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਰਲ਼ੀਆਂ-ਮਿਲੀਆਂ ਹੀ ਹਨ। ਵੋਟਰਾਂ ਦੀ ਮੁੱਖ ਮੰਗ ਪੀਣ ਵਾਲੇ ਪਾਣੀ ਦੀ ਘਾਟ ਹੈ ਕਿਉਂਕਿ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਹੋਣ ਕਰਕੇ ਰਾਜ ਸਭਾ ਲਈ ਚੁਣੇ ਗਏ ਰਾਘਵ ਚੱਢਾ ਤੋਂ ਇਸ ਸਮੱਸਿਆ ਦੇ ਹੱਲ ਦੀ ਉਮੀਦ ਸੀ। ‘ਆਪ’ ਦੇ ਆਗੂਆਂ ਨੇ ਦੱਸਿਆ ਕਿ ਕਈ ਇਲਾਕਿਆਂ ਵਿੱਚ ਰਾਘਵ ਚੱਢਾ ਨੇ ਟਿਊਬਵੈੱਲ ਲਗਵਾਏ ਵੀ ਹਨ। ਗਲੀਆਂ. ਨਾਲੀਆਂ ਦੀ ਯੋਜਨਾ ਵੱਲ ਵੀ ਸਥਾਨਕ ਆਗੂਆਂ ਨੇ ਧਿਆਨ ਦਿੱਤਾ ਸੀ। ਉਧਰ ਭਾਜਪਾ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ‘ਆਪ’ ਦੀ ਤਿੱਖੀ ਖ਼ਿਲਾਫ਼ਤ ਕਰਨ ਦੀ ਰਣਨੀਤੀ ਅਪਣਾਈ ਹੋਈ ਹੈ।ਕਾਂਗਰਸ ਵੱਲੋਂ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।
ਕੇਜਰੀਵਾਲ ਦਾ 17,18,19 ਜੂਨ ਨੂੰ ਰੋਡ ਸ਼ੋਅ
‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣਾ ਰਾਜਿੰਦਰ ਨਗਰ ਦਾ ਤਿੰਨ ਰੋਜ਼ਾ ਰੋਡ ਸ਼ੋਅ 17,18 ਤੇ 19 ਜੂਨ ਨੂੰ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢਿਆ ਜਾਵੇਗਾ। ਇਸ ਦੌਰਾਨ ਉਹ ਸਥਾਨਕ ਵੋਟਰਾਂ ਨੂੰ ਦੁਗਰੇਸ਼ ਪਾਠਕ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕਰਨਗੇ। ਭਾਜਪਾ ਤੇ ਕਾਂਗਰਸ ਨੇ ਵੀ ਸੀਨੀਅਰ ਆਗੂਆਂ ਨੂੰ ਰਾਜਿੰਦਰ ਨਗਰ ਵਿੱਚ ਲਾਇਆ ਹੋਇਆ ਹੈ।