ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਸਿੰਘੂ ਬਾਰਡਰ ਦੇ ਨੇੜੇ ਪੈਂਦੇ ਇੱਕ ਪ੍ਰਮੁੱਖ ਗੋਲਡਨ ਹੱਟ ਹੋਟਲ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਆਪਣੇ ਸਾਰੇ ਕਾਰੋਬਾਰ ਨੂੰ ਪਿਛਲੇ ਸਾਲ 5 ਨਵੰਬਰ ਤੋਂ ਅੰਦੋਲਨਕਾਰੀ ਕਿਸਾਨਾਂ ਦੇ ਸਪੁਰਦ ਕਰ ਦਿੱਤਾ ਹੈ। ਤਕਰੀਬਨ ਹਰ ਰੋਜ 1000 ਤੋਂ ਵੱਧ ਅੰਦੋਲਨਕਾਰੀ ਕਿਸਾਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਅਤੇ ਰਹਿਣ ਸਹਿਣ ਲਈ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਰਾਮ ਸਿੰਘ ਰਾਣਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਲੀਡਰਾਂ ਨੂੰ ਆਪਣੇ ਹੋਟਲ ਗੋਲਡਨ ਹੱਟ ਵਿੱਚ ਬੁਲਾ ਕੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਆਲੇ-ਦੁਆਲੇ ਚੱਲ ਰਹੇ ਸਿੰਘੂ ਬਾਰਡਰ ਸਮੇਤ ਪੰਜ ਨਾਕਿਆਂ ’ਤੇ ਜਿੰਨਾ ਚਿਰ ਕਿਸਾਨ ਅੰਦੋਲਨ ਚੱਲੇਗਾ, ਜਲ ਦੀ ਸੇਵਾ ਮੁਫ਼ਤ ਦਿੱਤੀ ਜਾਵੇਗੀ। ਇਸ ਲਈ 11,000 ਤੋਂ ਵੱਧ ਵਾਟਰ ਰੈਬਰ ਖਰੀਦ ਲਏ ਹਨ। ਦਿਨ ਵਿੱਚ ਸਵੇਰੇ, ਦੁਪਹਿਰ ਅਤੇ ਸ਼ਾਮ ਤਿੰਨ ਵਾਰ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਉਹ ਖਾਲੀ ਰੈਬਰ ਲੈ ਕੇ ਜਾਣਗੇ ਪਾਣੀ ਨਾਲ ਭਰੇ ਹੋਏ ਰੱਖ ਜਾਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਆਮ ਜਨਤਾ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਬਹਿਰੂ ਨੇ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਹੈ ਕਿ ਦਾਨੀ ਸੱਜਣ ਰਾਮ ਸਿੰਘ ਰਾਣਾ ਨੂੰ ਭਾਈ ਘਨ੍ਹੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।