ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਤੇ ਸਫ਼ਾਈ ਕਰਮਚਾਰੀ ਯੂਨੀਅਨ (ਐੱਸਕੇਯੂ) ਨੇ ਕਸ਼ਮੀਰੀ ਗੇਟ (ਪ੍ਰਿਯਦਰਸ਼ਨੀ ਕਲੋਨੀ), ਵਾਲਮੀਕਿ ਬਸਤੀ ਵਿੱਚ ਜਾਤੀਵਾਦੀ ਕਿਤਾਬ ਮਨੂਸਮ੍ਰਿਤੀ ਸਾੜ ਕੇ ਇਤਿਹਾਸਕ ਮਨੂਸਮ੍ਰਿਤੀ ਦਹਨ ਦਿਵਸ ਮਨਾਇਆ ਤੇ ਮਨੂਸਮ੍ਰਿਤੀ ਦੀਆਂ ਕਾਪੀਆਂ ਸਾੜੀਆਂ ਗਈਆਂ। ਕੇਵਾਈਐੱਸ ਤੇ ਐੱਸਕੇਯੂ ਨੇ ਕਿਹਾ ਕਿ ਅੱਜ ਦੇ ਦਿਨ 1927 ਵਿੱਚ ਬਾਬਾ ਸਾਹਿਬ ਅੰਬੇਦਕਰ, ਆਰਬੀਮੋਰ ਤੇ ਹੋਰ ਮਹਾਨ ਨੇਤਾਵਾਂ ਨੇ ਮਨੁਸਮਰਿਤੀ ਨੂੰ ਸਾੜ ਕੇ ਦਲਿਤਾਂ ਵਿਰੁੱਧ ਛੂਤ-ਛਾਤ ਦਾ ਜਨਤਕ ਤੌਰ ’ਤੇ ਵਿਰੋਧ ਕੀਤਾ ਕਿਉਂਕਿ ਅਜਿਹੀਆਂ ਧਾਰਮਿਕ ਪੁਸਤਕਾਂ ਦਾ ਹਵਾਲਾ ਦੇ ਕੇ ਸਮਾਜ ਵਿੱਚ ਜਾਤੀਵਾਦੀ ਧਾਰਨਾਵਾਂ ਨੂੰ ਬਰਕਰਾਰ ਰੱਖਿਆ ਜਾਂਦਾ ਸੀ। ਦਲਿਤਾਂ ਵਿਰੁੱਧ ਹਿੰਸਕ ਅਪਰਾਧ ਜਿਵੇਂ ਕਿ ਲਿੰਚਿੰਗ, ਕਤਲ ਅਤੇ ਬਲਾਤਕਾਰ ਇੱਕ ਆਮ ਘਟਨਾ ਬਣ ਗਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅਨੁਸਾਰ 2020 ਵਿੱਚ ਦਲਿਤਾਂ ਵਿਰੁੱਧ ਅਪਰਾਧਾਂ ਵਿੱਚ 9.4 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰ ਵੱਲੋਂ ਦੱਬੇ-ਕੁਚਲੇ ਜਾਤੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ ਤੇ ਜ਼ਿਆਦਾਤਰ ਮਾਮਲਿਆਂ ਵਿੱਚ ਦਲਿਤ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲਦਾ। ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਸਫ਼ਾਈ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਅੱਜ ਵੀ ਦਲਿਤ ਸਮਾਜ ਵਿੱਚ ਸਿੱਖਿਆ ਦਾ ਪੱਧਰ ਬਹੁਤ ਕਮਜ਼ੋਰ ਹੈ ਕਿਉਂਕਿ ਵੱਖ-ਵੱਖ ਸਰਕਾਰਾਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਸਰਕਾਰੀ ਸਿੱਖਿਆ ਦੀ ਅਜਿਹੀ ਵਿਵਸਥਾ ਨਹੀਂ ਬਣ ਸਕੀ, ਜਿਸ ਵਿੱਚ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਮੌਕਾ ਮਿਲ ਸਕੇ।