ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਭਾਜਪਾ ਵੱਲੋਂ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਜ਼ੋਨਾਂ ਦੀ ਭੰਨਤੋੜ ਬਾਰੇ ਰੋਹਿੰਗੀਆ-ਬੰਗਲਾਦੇਸ਼ੀਆਂ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਜਾਰੀ ਹੈ ਤੇ ਅੱਜ ਵੀ ਭਾਜਪਾ ਦੇ ਦਿੱਲੀ ਪ੍ਰਦੇਸ਼ਕ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਿਗਮ ਦਾ ਬੁਲਡੋਜ਼ਰ ਰੋਹਿੰਗੀਆ-ਬੰਗਲਾਦੇਸ਼ੀਆਂ ’ਤੇ ਚੱਲ ਰਿਹਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਰੋਹਿੰਗੀਆ-ਬੰਗਲਾਦੇਸ਼ੀਆਂ ‘ਤੇ ਨਿਗਮ ਵੱਲੋਂ ਬੁਲਡੋਜ਼ਰ ਚੱਲ ਰਿਹਾ ਹੈ, ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੂੰ ਦਰਦ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਦਰਦ ਜਾਇਜ਼ ਹੈ ਕਿਉਂਕਿ ਉਨ੍ਹਾਂ ਦੇ ਸੁਪਨਿਆਂ ‘ਤੇ ਪਾਣੀ ਫਿਰ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਕਥਿਤ ‘ਬਲੈਕਮੇਲਿੰਗ’ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ ਹੈ। ਜਿਸ ਤਰ੍ਹਾਂ ਉਨ੍ਹਾਂ ਕਿਹਾ ਕਿ ਨਿਗਮ 63 ਲੱਖ ਘਰਾਂ ਨੂੰ ਤਬਾਹ ਕਰਨ ਜਾ ਰਿਹਾ ਹੈ, ਉਹ ਸਰਾਸਰ ਝੂਠ ਹੈ। ਕਿਉਂਕਿ ਦਿੱਲੀ ਵਿੱਚ ਇੰਨੇ ਘਰ ਨਹੀਂ ਹਨ। ਗੁਪਤਾ ਨੇ ਕਿਹਾ, ‘‘ਇਹ ਹਕੀਕਤ ਹੈ ਕਿ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਸੁਰੱਖਿਅਤ ਕੀਤੇ ਗਏ ਰੋਹਿੰਗੀਆ-ਬੰਗਲਾਦੇਸ਼ੀ ਤੇ ਦੰਗਾਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦਿੱਲੀ ਰੋਹਿੰਗਿਆ-ਬੰਗਲਾਦੇਸ਼ੀ ਤੋਂ ਮੁਕਤ ਰਹੇਗੀ।’’