ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
ਦਿੱਲੀ ਦੀ ਨੰਦ ਨਗਰੀ ਦੇ ਬਾਜ਼ਾਰ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਗਈ ਤੇ ਮਲਬੇ ਹੇਠ ਚਾਰ ਵਿਅਕਤੀ ਦਬ ਗਏ। ਪੁਲੀਸ ਕੰਟਰੋਲ ਰੂਮ ਨੂੰ ਘਟਨਾ ਬਾਰੇ ਦੁਪਹਿਰ 1.30 ਵਜੇ ਫੋਨ ਆਇਆ ਜਿਸ ਤੋਂ ਬਾਅਦ ਛੇ ਅੱਗ ਬੁਝਾਊ ਟੈਂਡਰ ਮੌਕੇ ’ਤੇ ਭੇਜੇ ਗਏ। ਪੁਲੀਸ ਨੇ ਦੱਸਿਆ ਕਿ 65 ਸਾਲਾ ਧਨੀ ਰਾਮ, ਉਸ ਦੀ ਪਤਨੀ ਅਨਾਰੋ ਦੇਵੀ ਤੇ ਰਾਜਕੁਮਾਰ ਨੂੰ ਬਚਾਇਆ ਗਿਆ ਹੈ ਤੇ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਰਾਮ ਉਸ ਇਮਾਰਤ ਦਾ ਮਾਲਕ ਹੈ ਜਿਸ ਦੀ ਹੇਠਲੀ ਮੰਜ਼ਿਲ ’ਤੇ ਦੁਕਾਨਾਂ ਸਨ ਤੇ ਉਹ ਉੱਥੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਤੇ ਬਚਾਅ ਕਾਰਜ ਜਾਰੀ ਸਨ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਇਸ ਸਾਲ ਮੌਨਸੂਨ ਵਿੱਚ ਦੇਰੀ ਤੋਂ ਬਾਅਦ ਲਗਾਤਾਰ ਮੀਂਹ ਪੈ ਰਿਹਾ ਹੈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਨਮੀ 81 ਫ਼ੀਸਦੀ ਰਹੀ। ਮੌਸਮ ਵਿਭਾਗ ਨੇ ਦਿੱਲੀ ਤੇ ਐੱਨਸੀਆਰ ਵਿੱਚ ਵੀ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ। ਰਾਸ਼ਟਰੀ ਰਾਜਧਾਨੀ ਵਿੱਚ ਸ਼ਨਿਚਰਵਾਰ ਦੀ ਘਟਨਾ ਇੱਕ ਹਫਤੇ ਬਾਅਦ ਵਾਪਰੀ ਜਦੋਂ ਇੱਕ 40 ਸਾਲਾ ਔਰਤ ਦੀ ਮੌਤ ਹੋ ਗਈ ਤੇ ਉਸ ਦੀ ਧੀ ਜ਼ਖਮੀ ਹੋ ਗਈ ਸੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਕਈ ਇਲਾਕਿਆਂ ਵਿੱਚ ਹਲਕੀ ਵਰਖਾ ਹੋਈ। ਪਹਿਲੀ ਅਗਸਤ ਦੀ ਵਰਖਾ ਰਾਸ਼ਟਰੀ ਰਾਜਧਾਨੀ ਤੇ ਇਸ ਦੇ ਆਲੇ ਦੁਆਲੇ ਦੇ ਲੋਕਾਂ ਲਈ ਗਰਮੀ ਤੋਂ ਕੁਝ ਰਾਹਤ ਲੈ ਕੇ ਆਈ, ਭਾਰਤੀ ਮੌਸਮ ਵਿਭਾਗ ਨੇ ਟਵੀਟ ਕੀਤਾ, ‘ਸਮੁੱਚੀ ਦਿੱਲੀ ਤੇ ਐੱਨਸੀਆਰ ਦੇ ਨਾਲ ਲੱਗਦੇ ਇਲਾਕਿਆਂ- ਬਹਾਦਰਗੜ੍ਹ, ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਬੱਲਭਗੜ੍ਹ, ਲੋਨੀ ਦੇਹਾਤ, ਹਿੰਡਨ ਏਐਫ ਸਟੇਸ਼ਨ, ਗਾਜ਼ੀਆਬਾਦ, ਇੰਦਰਾਪੁਰਮ, ਛਪਰੌਲਾ ਤੇ ਨੋਇਡਾ ਵਿੱਚ ਦਰਮਿਆਨਾ ਤੋਂ ਭਾਰੀ ਮੀਂਹ ਪਵੇਗਾ। ਪੂਰੇ ਐੱਨਸੀਆਰ ਵਿੱਚ ਟ੍ਰੈਫਿਕ ਜਾਮ ਸੀ ਤੇ ਕਈ ਥਾਵਾਂ ’ਤੇ ਪਾਣੀ ਭਰਿਆ ਹੋਇਆ ਸੀ। ਡੀਐੱਨਡੀ ਫਲਾਈਵੇਅ ’ਤੇ ਵਾਹਨ ਕੱਛੂ ਕੁੰਮੇ ਦੀ ਰਫ਼ਤਾਰ ਨਾਲ ਚਲਦੇ ਵੇਖੇ ਗਏ। ਮੀਂਹ ਕਾਰਨ ਕਈ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਗਿਆ।