ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਐਲਿਸ ਤੇ ਬ੍ਰਿਟਿਸ਼ ਕੌਂਸਲ ਇੰਡੀਆ ਦੀ ਡਾਇਰੈਕਟਰ ਬਾਰਬਰਾ ਵਿਕਹਮ ਨੇ ਅੱਜ ਦਿੱਲੀ ਸਕੱਤਰੇਤ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਈ ਪ੍ਰਮੁੱਖ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖਿਆ ਅਤੇ ਸਿਹਤ ਅਤੇ ਹੋਰ ਖੇਤਰਾਂ ਸਮੇਤ ਦਿੱਲੀ ਵਿੱਚ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ, ਸਿਹਤ, ਪਾਣੀ ਅਤੇ ਸੜਕਾਂ ਸਾਡੀਆਂ ਤਰਜੀਹਾਂ ਹਨ। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਦਿੱਲੀ ਵਿੱਚ ਕੀਤੇ ਗਏ ਵਿਸ਼ਵ ਪ੍ਰਸਿੱਧ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸੜਕਾਂ, ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। ਆਉਣ ਵਾਲੇ ਸਮੇਂ ਵਿੱਚ ਸੜਕ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਮਿਲ ਕੇ ਕੰਮ ਕਰਨ ਲਈ ਦਿੱਲੀ ਸਰਕਾਰ ਅਤੇ ਲੰਡਨ ਦਰਮਿਆਨ ਗਿਆਨ ਸਾਂਝਾ ਕਰਨ ਦਾ ਸਮਝੌਤਾ ਹੋ ਸਕਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਦਿੱਲੀ ਅਤੇ ਬਰਤਾਨੀਆ ਦੋਵੇਂ ਆਪਣੇ ਨਾਗਰਿਕਾਂ ਦੀ ਬਿਹਤਰੀ ਲਈ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਡੀਡੀਸੀ ਉਪ ਪ੍ਰਧਾਨ ਜੈਸਮੀਨ ਸ਼ਾਹ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਸਾਡੀ ਸਰਕਾਰ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਸੀ। ਪਿਛਲੇ 7 ਸਾਲਾਂ ‘ਚ ਸਿੱਖਿਆ ‘ਤੇ 85 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਹੁਣ ਦਿੱਲੀ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਸਿਹਤ ਸਹੂਲਤਾਂ ਲਈ ਮੁਹੱਲਾ ਕਲੀਨਿਕ ਖੋਲ੍ਹੇ ਹਨ। ਹੁਣ ਹੈਲਥ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ ਤਹਿਤ ਦਿੱਲੀ ਸਰਕਾਰ ਦੇ ਸਾਰੇ ਹਸਪਤਾਲਾਂ ਨੂੰ ਇੱਕ ਦੂਜੇ ਨਾਲ ਜੋੜਨ ਦੇ ਕੰਮ ਕੀਤੇ ਹਨ।
‘ਆਪ’ ’ਤੇ ਭਗਵਾਨ ਦਾ ਆਸ਼ੀਰਵਾਦ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ’ਤੇ ਭਗਵਾਨ ਦਾ ਆਸ਼ੀਰਵਾਦ ਹੈ ਜਿਸ ਕਾਰਨ ਇਸ ਵਿਰੁੱਧ ਸਾਰੀਆਂ ਸਾਜ਼ਿਸ਼ਾਂ ਅਸਫਲ ਹੋ ਗਈਆਂ ਹਨ। 2018 ਵਿੱਚ ਨੌਕਰਸ਼ਾਹ ‘ਤੇ ਕਥਿਤ ਹਮਲੇ ਨਾਲ ਸਬੰਧਤ ਕੇਸ ਵਿੱਚ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਡਿਸਚਾਰਜ ਕਰਨ ਵਿਰੁੱਧ ਦਿੱਲੀ ਦੀ ਇੱਕ ਅਦਾਲਤ ਵੱਲੋਂ ਸਾਬਕਾ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਅਰਜ਼ੀ ਨੂੰ ਖਾਰਜ ਕਰਨ ਬਾਰੇ ਇੱਕ ਰਿਪੋਰਟ ‘ਤੇ ਇੱਕ ਟਵੀਟ ਨੂੰ ਟੈਗ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਰੱਬ ਉਨ੍ਹਾਂ ਪਾਸੇ ਹੈ। ਹਿੰਦੀ ਵਿੱਚ ਇੱਕ ਟਵੀਟ ਵਿੱਚ ਕਿਹਾ, ‘ਰੱਬ ਸਾਡੇ ਨਾਲ ਹੈ। ਰੱਬ ਦਾ ਆਸ਼ੀਰਵਾਦ ਸਾਡੇ ਉੱਤੇ ਹੈ। ਸਾਡੇ ਵਿਰੁੱਧ ਸਾਰੀਆਂ ਸਾਜ਼ਿਸ਼ਾਂ ਅਸਫਲ ਹੋ ਗਈਆਂ।’