ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਕਤੂਬਰ
ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ’ਤੇ ਆਧਾਰਤ ਰਚਨਾਵਾਂ ਦੀ ਇੱਕ ਕਿਤਾਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਤੇ ਅਮਰੀਕਾ ਨਿਵਾਸੀ ਖੁਸ਼ਵੰਤ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਰਿਲੀਜ਼ ਕੀਤੀ ਗਈ। ਇਹ ਕਿਤਾਬ ਕੇਸ ਸੰਭਾਲ ਸੰਸਥਾ ਦੇ ਮੁਖੀ ਸੁਰਿੰਦਰਜੀਤ ਸਿੰਘ ਪਾਲ ਵੱਲੋਂ ਲਿਖੀ ਗਈ ਹੈ। ਹਰਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਸੁਰਿੰਦਰਜੀਤ ਸਿੰਘ, ਜੋ ਕਿ ਆਮਦਨ ਕਰ ਵਿਭਾਗ ਤੋਂ ਕਮਿਸ਼ਨਰ ਵਜੋਂ ਸੇਵਾਮੁਕਤ ਹੋਏ ਸਨ ਨੇ ਕੇਸਾਂ ਦੀ ਸੰਭਾਲ ਕਰਨ ਵਾਲੀ ਸੰਸਥਾ ਬਣਾਈ ਜਿਸ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਧਾਰਮਿਕ ਸੁਭਾਅ ਦੇ ਲੋਕਾਂ ਨੂੰ ਸ਼ਾਮਲ ਕੀਤਾ। ਬੱਚਿਆਂ ਲਈ ਸੰਸਥਾ ਵੱਲੋਂ ਲਗਾਤਾਰ ਗੁਰਬਾਣੀ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਵੀ ਸੁਰਿੰਦਰਜੀਤ ਸਿੰਘ ਪਾਲ ਨੇ ਧਾਰਮਿਕ ਵਿਸ਼ਿਆਂ ਤੇ ਸਿੱਖ ਇਤਿਹਾਸ ’ਤੇ ਲਿਖਿਆ।
ਹਰਮਨਜੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਵਸਨੀਕ ਖੁਸ਼ਵੰਤ ਸਿੰਘ, ਗੁਰਦੁਆਰਾ ਰਾਜੌਰੀ ਗਾਰਡਨ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਕਰੋਨਾ ਸਮੇਂ ਦੌਰਾਨ ਕਮੇਟੀ ਨੂੰ ਬਹੁਤ ਸਾਰਾ ਸਮਾਨ ਭੇਜਿਆ ਸੀ ਤਾਂ ਜੋ ਕਮੇਟੀ ਮਨੁੱਖਤਾ ਦੀ ਸੇਵਾ ਹੋਰ ਲਗਨ ਨਾਲ ਕਰ ਸਕੇ। ਜਿਸ ਵਿੱਚ ਸੈਂਕੜੇ ਆਕਸੀਮੀਟਰ, ਪੀਪੀ ਕਿੱਟਾਂ, ਦਵਾਈਆਂ, ਮਾਸਕ ਆਦਿ ਸ਼ਾਮਲ ਸਨ। ਖੁਸ਼ਵੰਤ ਸਿੰਘ ਨੇ ਇੱਕ ਵਾਰ ਫਿਰ ਰਾਜੌਰੀ ਗਾਰਡਨ ਸਿੰਘ ਸਭਾ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਭੇਟ ਕੀਤੀ ਹੈ।
ਸ੍ਰੀ ਖੁਸ਼ਵੰਤ ਸਿੰਘ ਨੂੰ ਕਮੇਟੀ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਹਰਿੰਦਰ ਸਿੰਘ, ਪ੍ਰੀਤ ਪ੍ਰਤਾਪ ਸਿੰਘ, ਐਚਐਸ ਭਾਟੀਆ, ਐਨਐਸ ਭਾਟੀਆ, ਗੁਰਤੇਜ ਸਿੰਘ, ਸਤਨਾਮ ਸਿੰਘ, ਤਰਲੋਚਨ ਸਿੰਘ, ਸੁੰਦਰ ਸਿੰਘ ਨਾਰੰਗ ਆਦਿ ਹਾਜ਼ਰ ਸਨ।