ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਦਿੱਲੀ ਵਿੱਚ ਕਰੋਨਾਵਾਇਰਸ ਦੇ ਪ੍ਰਕੋਪ ਕਾਰਨ ਹਾਲਾਤ ਬਦਤਰ ਹੋ ਚੁੁੱਕੇ ਹਨ ਤੇ ਹਾਲਾਤ ਇਹ ਹਨ ਕਿ ਕੋਵਿਡ-19 ਮ੍ਰਿਤਕਾਂ ਦੀਆਂ ਦੇਹਾਂ ਫੂਕਣ ਲਈ ਸਿਵੇ ਘੱਟ ਪੈ ਰਹੇ ਹਨ। ਪੰਜਾਬੀ ਬਾਗ਼ ਦੇ ਸ਼ਮਸ਼ਾਨਘਾਟ ਨੂੰ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਲਈ ਹੀ ਰਾਖਵਾਂ ਕਰ ਲਿਆ ਗਿਆ ਹੈ, ਜਿੱਥੇ ਫੂਕੇ ਜਾ ਰਹੇ ਮੁਰਦਿਆਂ ਲਈ ਕਤਾਰ ਲੱਗਣ ਲੱਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਹਾਲਾਤ ਇਸ ਕਦਰ ਬੱਦਤਰ ਹੋ ਚੁੱਕੇ ਹਨ ਕਿ ਪੰਜਾਬੀ ਬਾਗ਼ ਦੇ ਸਿਵਿਆਂ ਵਿੱਚ ਹੁਣ ਸਿਫ਼ਾਰਸ਼ਾਂ ਨਾਲ ਮ੍ਰਿਤਕਾਂ ਨੂੰ ਫੂਕਣਾ ਪੈ ਰਿਹਾ ਹੈ। ਸ੍ਰੀ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਬਾਂਹ ਫੜਨ। ਪ੍ਰਧਾਨ ਨੇ ਕਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਉਪਰ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਅਜਿਹੀ ਹਾਲਤ ਆ ਗਈ ਕਿ ਮ੍ਰਿਤਕਾਂ ਨੂੰ ਫੂਕਣ ਲਈ ਵੀ ਲੋਕਾਂ ਨੂੰ ਕਤਾਰਾਂ ਲਾਉਣੀਆਂ ਪੈ ਗਈਆਂ ਹਨ।
ਗੰਗਾ ਰਾਮ ਹਸਪਤਾਲ ਨਾਲ ਜੁੜੇ ਡਾਕਟਰ ਕੁਮਾਰ ਮੁਤਾਬਕ ਭਾਰਤ ਵੱਡਾ ਮੁਲਕ ਹੈ ਅਤੇ ਹੋਰ ਰਾਜ ਵਿੱਚ ਕਰੋਨਾ ਦੀ ਹਾਲਤ ਭਿੰਨ ਹੈ। ਉਨ੍ਹਾਂ ਕਿਹਾ ਕਿ ਅਪਰੈਲ ਦੇ ਅੰਕੜਿਆਂ ਮੁਤਾਬਕ ਕਰੋਨਾ ਦੀ ਹਾਲਤ ਬਿਹਤਰ ਸੀ ਪਰ ਉਨ੍ਹਾਂ ਅੰਕੜਿਆਂ ਨਾਲ ਇਹ ਦਾਅਵਾ ਕਰਨਾ ਕਿ ਗ਼ਲਤ ਹੈ ਕਿ ਕਮਿਊਨਿਟੀ ਟਰਾਂਸਮਿਸ਼ਨ ਦਾ ਪੜਾਅ ਨਹੀਂ ਹੈ।