ਨਵੀਂ ਦਿੱਲੀ (ਪੱਤਰ ਪ੍ਰੇਰਕ): ਇਥੇ ਬ੍ਰਾਂਚ ਪੀਤਮਪੁਰਾ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਕ ਵਿਭਾਗ) ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ 50 ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਨਿਰਸਵਾਰਥ ਖੂਨਦਾਨ ਕੀਤਾ। ਖੂਨ ਇਕੱਠਾ ਕਰਨ ਲਈ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਬਲੱਡ ਬੈਂਕ ਦੀ ਟੀਮ ਪਹੁੰਚੀ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਐੱਲ ਗੁਲਾਟੀ (ਪ੍ਰਧਾਨ ਸੰਤ ਨਿਰੰਕਾਰੀ ਮੰਡਲ) ਨੇ ਕੀਤਾ। ਉਨ੍ਹਾਂ ਦੇ ਨਾਲ ਡਾਕਟਰ ਨਰੇਸ਼ ਅਰੋੜਾ (ਮੈਡੀਕਲ ਸਰਵਿਸ ਕੋਆਰਡੀਨੇਟਰ) ਵੀ ਹਾਜ਼ਰ ਸਨ। ਉਨ੍ਹਾਂ ਖੂਨਦਾਨੀਆਂ ਨੂੰ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਮਨੁੱਖਤਾ ਦੀ ਭਲਾਈ ਲਈ ਹਰ ਇੱਕ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪਿਤਮਪੁਰਾ ਬ੍ਰਾਂਚ ਦੇ ਸੰਜੋਜਕ ਭੈਣ ਚੰਦਰਕਾਂਤਾ ਅਤੇ ਸਥਾਨਕ ਮੁਖੀ ਵਿਜੈ ਕੁਮਾਰ ਨੇ ਖੂਨਦਾਨ ਕੈਂਪ ਵਿੱਚ ਹਾਜ਼ਰ ਸਮੂਹ ਪਤਵੰਤਿਆਂ ਅਤੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮਨੁੱਖਤਾ ਲਈ ਕੀਤੇ ਜਾ ਰਹੇ ਬਹੁਤ ਮਹੱਤਵਪੂਰਨ ਕੰਮ ਖ਼ੂਨਦਾਨ ਲਈ ਆਪ ਸਭ ਵਧਾਈ ਦਾ ਹੱਕਦਾਰ ਹੋ। ਉਨ੍ਹਾਂ ਕਿਹਾ ਕਿ ਮਿਸ਼ਨ ਵੱਲੋਂ ਦਿੱਲੀ ਵਿਖੇ ਨਵੰਬਰ 1986 ਵਿੱਚ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਮੌਕੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਬਾਬਾ ਹਰਦੇਵ ਸਿੰਘ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਸੀ ਅਤੇ ਇਸ ਕੈਂਪ ਦਾ ਪ੍ਰਬੰਧ ਸੰਗਤਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਪਿਛਲੇ 36 ਸਾਲਾਂ ਤੋਂ ਇਹ ਮਿਸ਼ਨ ਲੋਕਾਂ ਦੀ ਭਲਾਈ ਲਈ ਹੁਣ ਤੱਕ 7,317 ਖੂਨਦਾਨ ਕੈਂਪਾਂ ਵਿੱਚੋਂ 12,10,440 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਬਾਬਾ ਹਰਦੇਵ ਸਿੰਘ ਨੇ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਕਿ- ‘‘ਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ।’’ ਇਸ ਵਿੱਚ ਮੁੱਖ ਤੌਰ ’ਤੇ ਸਫ਼ਾਈ ਮੁਹਿੰਮ, ਬੂਟੇ ਲਗਾਉਣਾ, ਮੁਫ਼ਤ ਮੈਡੀਕਲ ਕੈਂਪ, ਮੁਫ਼ਤ ਅੱਖਾਂ ਦਾ ਕੈਂਪ, ਕੁਦਰਤੀ ਆਫ਼ਤਾਂ ਵਿੱਚ ਲੋੜਵੰਦਾਂ ਦੀ ਮਦਦ ਆਦਿ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਕਈ ਭਲਾਈ ਸਕੀਮਾਂ ਵੀ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ।