ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੁਲਾਈ
ਇਕ ਪਾਸੇ ਦਿੱਲੀ ਸਰਕਾਰ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਜੂਝ ਰਹੀ ਹੈ ਤੇ ਦੂਜੇ ਪਾਸੇ ਇਸ ਦੇ ਜਨਕਪੁਰੀ ਸੁਪਰਸਪੈਸ਼ਲਿਟੀ ਹਸਪਤਾਲ ਦੀਆਂ 40 ਤੋਂ ਵੱਧ ਨਰਸਾਂ ਦੀ ਨੌਕਰੀ ਚਲੀ ਗਈ। ਦਿੱਲੀ ਸਰਕਾਰ ਨਰਸਾਂ, ਡਾਕਟਰਾਂ ਤੇ ਹੋਰ ਅਮਲੇ ਨੂੰ ‘ਕਰੋਨਾ ਯੋਧੇ’ ਸੱਦ ਦੀ ਨਹੀਂ ਥੱਕਦੀ ਪਰ ਉਪਰੋਕਤ ਹਸਪਤਾਲ ਦੀਆਂ ਨਰਸਾਂ ਨੂੰ ਅਜਿਹੇ ਨਾਜ਼ੁਕ ਮੌਕੇ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ। ਇਸ ਹਸਪਤਾਲ ’ਚ ਕਾਰਜਸ਼ੀਲ ਰਹੇ ਪ੍ਰਾਤੀਕ ਦਹੀਆ ਨੇ ਦੱਸਿਆ ਕਿ 15 ਜੂਨ ਨੂੰ ਡਿਊਟੀ ਖ਼ਤਮ ਹੋਣ ਤੋਂ ਪਹਿਲਾਂ ਇਕ ਅਧਿਕਾਰੀ ਨੇ ਉਸ ਨੂੰ ਬੁਲਾ ਕੇ ਦੱਸਿਆ ਕਿ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਪਰ ਕੋਈ ਢੁੱਕਵਾਂ ਕਾਰਨ ਨਹੀਂ ਦੱਸਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸ ਸਮੇਤ ਕੁੱਲ 42 ਲੋਕਾਂ ਦਾ ਕਰਾਰ ਖ਼ਤਮ ਕੀਤਾ ਜਾ ਚੁੱਕਾ ਹੈ।
ਕਈ ਵਾਰ ਸਵਾਲ ਕਰਨ ਮਗਰੋਂ ਪ੍ਰਬੰਧਕਾਂ ਨੇ ਦੱਸਿਆ ਕਿ ਜਿਸ ਮਨੁੱਖੀ ਸਰੋਤ ਕੰਪਨੀ ਨੇ ਨਰਸਾਂ ਤੇ ਹੋਰ ਅਮਲੇ ਨੂੰ ਇਸ ਹਸਪਤਾਲ ਲਈ ਲਿਆਂਦਾ ਸੀ ਉਸ ਨੂੰ ਦਿੱਲੀ ਸਰਕਾਰ ਨੇ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਹੁਣ ਉਸ ਏਜੰਸੀ ਦੇ ਲੋਕਾਂ ਨੇ ਫੋਨ ਬੰਦ ਕਰ ਲਏ ਹਨ ਤੇ ਕਈਆਂ ਦੀਆਂ ਤਨਖ਼ਾਹਾਂ ਰੁਕ ਗਈਆਂ ਹਨ ਕਿਉਂਕਿ ਹਸਪਤਾਲ ਨਰਸਾਂ ਨੂੰ ਸਿੱਧੀਆਂ ਤਨਖ਼ਾਹਾਂ ਨਹੀਂ ਸੀ ਦੇ ਰਿਹਾ, ਉਸ ਕੰਪਨੀ ਰਾਹੀਂ ਹੀ ਭੁਗਤਾਨ ਕੀਤਾ ਜਾ ਰਿਹਾ ਸੀ।
ਇਕ ਨਰਸ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਹੜਤਾਲ ਨਾ ਕਰਨ ਤੇ ਨੌਕਰੀ ਨਾ ਛੱਡਣ ਲਈ ਪੱਤਰ ਤੱਕ ਜਾਰੀ ਕੀਤੇ ਗਏ ਸਨ ਪਰ ਹੁਣ ਉਹ ਸੜਕਾਂ ਉਪਰ ਆ ਚੁੱਕੀਆਂ ਹਨ। ਉਨ੍ਹਾਂ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਪੱਖ ਰੱਖਣ ਲਈ ਮੁਹੱਈਆ ਨਹੀਂ ਸਨ। ਬੀਤੇ ਦਿਨੀਂ ਪਹਿਲਾਂ ਹਕੀਮ ਅਬਦੁੱਲ ਹਮੀਦ ਸ਼ਤਾਬਦੀ ਹਸਪਤਾਲ ਦੀਆਂ 84 ਨਰਸਾਂ ਨੂੰ ਇਸ ਨਿੱਜੀ ਹਸਪਤਾਲ ਨੇ ਕੋਈ ਠੋਸ ਕਾਰਨ ਤੋਂ ਬਿਨਾਂ ਹੀ ਨੌਕਰੀ ਤੋਂ ਹਟਾ ਦਿੱਤਾ ਸੀ।