ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਇਥੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਗੋਲ ਮਾਰਕੀਟ ਦਿੱਲੀ ਤੋਂ ‘ਹਰ ਘਰ ਦਸਤਕ ਮੁਹਿੰਮ’ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਸ੍ਰੀ ਗੁਪਤਾ ਨੇ ਨਿੱਜੀ ਤੌਰ ’ਤੇ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਇਹ ਟੀਕਾ ਨਹੀਂ ਲਗਵਾਇਆ ਹੈ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਮੁਫ਼ਤ ਲਗਾਇਆ ਜਾ ਰਿਹਾ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਐਲਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਦੀ ਅਗਵਾਈ ਵਿੱਚ ਕੀਤਾ ਗਿਆ ਸੀ। ਜਿਸ ਤਹਿਤ ਦੇਸ਼ ਭਰ ਦੇ 10,51,603 ਹੈਲਥ ਵਾਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਜਦੋਂ ਕਿ ਸਿਰਫ਼ ਦਿੱਲੀ ਵਿੱਚ ਹੀ 51,360 ਸਿਹਤ ਵਾਲੰਟੀਅਰ ਹਨ। ਪਹਿਲਾਂ ਹੀ ਰਜਿਸਟਰਡ ਹੈ। ਇਸ ਵਿੱਚ ਹਰੇਕ ਬੂਥ ਤੋਂ ਚਾਰ ਸਿਹਤ ਵਾਲੰਟੀਅਰ ਸ਼ਾਮਲ ਹਨ। ਅੱਜ ਇਸ ਦੀ ਵਿਸਤ੍ਰਿਤ ਸ਼ੁਰੂਆਤ ਕੀਤੀ ਗਈ ਹੈ ਅੱਗੇ ਜਾ ਕੇ ਇਸ ਵਿੱਚ ਹੋਰ ਵਧੀਆ ਕੰਮ ਕਿਵੇਂ ਕਰਨਾ ਹੈ, ਇਸ ਦੀ ਰੂਪਰੇਖਾ ਕੱਲ੍ਹ ਸੋਮਵਾਰ ਨੂੰ ਹੋਣ ਵਾਲੀ ਸੂਬਾ ਕਾਰਜਕਾਰਨੀ ਵਿੱਚ ਤੈਅ ਕੀਤੀ ਜਾਵੇਗੀ। ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਜੇਕਰ ਦਿੱਲੀ ਦੀ ਇਸ਼ਤਿਹਾਰਬਾਜ਼ੀ ਸਰਕਾਰ ਨੇ ਸਹੀ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਇਸ ਮੁਹਿੰਮ ਦੀ ਲੋੜ ਹੀ ਨਾ ਪੈਂਦੀ। ਕੇਜਰੀਵਾਲ ਸਰਕਾਰ ਸਿਰਫ਼ ਐਲਾਨ ਹੀ ਕਰਦੀ ਹੈ ਪਰ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਕਰ ਸਕੀ। ਇਹ ਜ਼ਰੂਰ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ ਤੇ ਸਕੀਮਾਂ ਨੂੰ ‘ਆਪ’ ਸਰਕਾਰ ਆਪਣਾ ਨਾਂ ਦੇਣ ਤੋਂ ਝਿਜਕਦੀ ਨਹੀਂ। ਸ੍ਰੀ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਟੀਕਾਕਰਨ ਦਾ ਅੰਕੜਾ 115 ਕਰੋੜ ਨੂੰ ਪਾਰ ਕਰ ਗਿਆ ਹੈ ਅਤੇ ਕੇਂਦਰ ਸਰਕਾਰ ਨੇ ਜਿਸ ਤੇਜ਼ੀ ਨਾਲ ਇਹ ਕੰਮ ਕੀਤਾ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਹੋਰ ਦੇਸ਼, ਜਿਨ੍ਹਾਂ ਕੋਲ ਬਹੁਤ ਵਧੀਆ ਸਿਹਤ ਪ੍ਰਣਾਲੀ ਹੈ, ਵੀ ਇਸ ਅੰਕੜੇ ਤੋਂ ਬਹੁਤ ਪਿੱਛੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਟੀਕਾਕਰਨ ਦੀ ਸਥਿਤੀ ਬਿਹਤਰ ਹੋਣੀ ਸੀ ਪਰ ਕੇਜਰੀਵਾਲ ਸਰਕਾਰ ਨੂੰ ਦਿੱਲੀ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।