ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
‘ਆਪ’ ਵਿਧਾਇਕ ਆਤਿਸ਼ੀ ਨੇ ਅੱਜ ਕਿਹਾ ਕਿ ਭਾਜਪਾ ਦੀ ਬੁਲਡੋਜ਼ਰਾਂ ਦੀ ਰਾਜਨੀਤੀ ਹੁਣ ਮੰਦਰਾਂ ਤੱਕ ਪਹੁੰਚ ਗਈ ਹੈ। ਭਾਜਪਾ ਦੀ ਕੇਂਦਰ ਸਰਕਾਰ ਸਰੋਜਨੀ ਨਗਰ ਇਲਾਕੇ ਦੇ ਚਾਰ ਮੰਦਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਧਮਕੀ ਦੇ ਰਹੀ ਹੈ। ਇਸ ਸਬੰਧੀ ਕੇਂਦਰ ਸਰਕਾਰ ਦੇ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਸਰੋਜਨੀ ਨਗਰ ਸਥਿਤ ਪ੍ਰਾਚੀਨ ਸ਼ਿਵ ਮੰਦਰ, ਸਾਈਂ ਮੰਦਰ ਅਤੇ ਸ਼ਨੀ ਮੰਦਰ ਸਮੇਤ ਚਾਰ ਮੰਦਰਾਂ ’ਤੇ ਨੋਟਿਸ ਲਗਾ ਦਿੱਤਾ ਹੈ।
ਆਤਿਸ਼ੀ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਜਪਾ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਨੇ ਦਿੱਲੀ ਦੇ ਸ੍ਰੀਨਿਵਾਸਪੁਰੀ ਇਲਾਕੇ ਦੇ ਨੀਲਕੰਠ ਮਹਾਦੇਵ ਮੰਦਰ ‘ਤੇ ਬੁਲਡੋਜ਼ਰ ਚਲਾਉਣ ਦੀ ਧਮਕੀ ਦਿੱਤੀ ਹੈ। ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰੋਜਨੀ ਨਗਰ ਇਲਾਕੇ ਦੇ ਚਾਰ ਮੰਦਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੀਡੀਆ ਨੂੰ ਕੁਝ ਨੋਟਿਸ ਦਿਖਾਉਂਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਸ਼ਹਿਰੀ ਮੰਤਰਾਲਾ ਵੱਲੋਂ ਵੱਖ-ਵੱਖ ਮੰਦਰਾਂ ਦੇ ਗੇਟਾਂ ’ਤੇ ਲਗਾਏ ਜਾ ਰਹੇ ਹਨ | ਇਹ ਨੋਟਿਸ ਸਰੋਜਨੀ ਨਗਰ ਦੇ ਪ੍ਰਾਚੀਨ ਸ਼ਿਵ ਮੰਦਰ ਦੇ ਗੇਟ ‘ਤੇ ਲਗਾਇਆ ਗਿਆ ਹੈ। ਇਹ ਨੋਟਿਸ ਸਰੋਜਨੀ ਨਗਰ ਦੇ ਐੱਚ-ਬਲਾਕ ਸਥਿਤ ਸਾਈਂ ਮੰਦਰ ‘ਚ ਲਗਾਇਆ ਗਿਆ ਹੈ। ਇਕ ਹੋਰ ਨੋਟਿਸ ਸਰੋਜਨੀ ਨਗਰ ਦੇ ਜੇ-ਬਲਾਕ ਸਥਿਤ ਸ਼ਨੀ ਮੰਦਰ ਵਿਖੇ ਲਗਾਇਆ ਗਿਆ ਹੈ। ਭਾਜਪਾ ਬੁਲਡੋਜ਼ਰ ਰਾਜਨੀਤੀ ਨੂੰ ਲੈ ਕੇ ਭਗਵਾਨ ਸ੍ਰੀਰਾਮ ਅਤੇ ਸ਼ਿਵ ਭਗਵਾਨ ਦੀ ਗੋਲਕ ਤੱਕ ਪਹੁੰਚ ਗਈ ਹੈ। ਵਿਧਾਇਕ ਆਤਿਸ਼ੀ ਨੇ ਕਿਹਾ ਕਿ ਕਿਸੇ ਵੀ ਗੈਰ-ਕਾਨੂੰਨੀ ਉਸਾਰੀ ਨੂੰ ਹਟਾਉਣ ਦੀ ਪ੍ਰਕਿਰਿਆ ਹੈ ਜਿਸ ਦੀ ਭਾਜਪਾ ਕੇਂਦਰ ਸਰਕਾਰ ਅਤੇ ਐਮਸੀਡੀ ਪਾਲਣਾ ਨਹੀਂ ਕਰ ਰਹੀ ਹੈ।
ਬੁਲਡੋਜ਼ਰ ਨੇ ਬਜ਼ੁਰਗਾਂ ਦਾ ਆਸ਼ਿਆਨਾ ਵੀ ਢਾਹਿਆ
ਟੋਹਾਣਾ (ਪੱਤਰ ਪ੍ਰੇਰਕ): ਪੰਦਰਾਂ ਸਾਲ ਪਹਿਲਾਂ ਬਜ਼ੁਰਗਾਂ ਦੀ ਜੱਥੇਬੰਦੀ ਟੋਹਾਣਾ ਸੀਨੀਅਰ ਸਿਟੀਜ਼ਨ ਪਰਿਸ਼ਦ ਦਾ ਆਰਜ਼ੀ ਦਫ਼ਤਰ ਵੀ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਨਾਜਾਇਜ਼ ਕਬਜ਼ੇ ਹਟਾਉਂਦੇ ਸਮੇਂ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ। ਜੱਥੇਬੰਦੀ ਦੇ ਕਰੀਬ ਪੰਜ ਸੌ ਮੈਂਬਰ ਇਥੇ ਪਾਰਕ ਵਿੱਚ ਸਮਾਜ ਭਲਾਈ ਦੇ ਕੰਮ ਚਲਾ ਰਹੇ ਸਨ। ਸਿੰਚਾਈ ਵਿਭਾਗ ਨੇ ਮੁੱਖ ਸੜਕ ਤੇ ਨਹਿਰਾਂ ਵਿਚਕਾਰ ਛੇ ਦੁਕਾਨਦਾਰਾਂ ਨੂੰ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀਆਂ ਕਰਾਰ ਦਿੰਦਿਆਂ ਬੁਲਡੋਜ਼ਰ ਨਾਲ ਦੁਕਾਨਾਂ ਦੇ ਪਿਛਲੇ ਪਾਸੇ ਇੱਕ ਕਮਰੇ ਦੀ ਆਰਜ਼ੀ ਦਫ਼ਤਰ ਵੀ ਢਾਹ ਦਿੱਤਾ। ਸਿੰਚਾਈ ਵਿਭਾਗ ਇਨ੍ਹਾਂ ਦੁਕਾਨਾਂ ਨੂੰ ਨਾਜਾਇਜ਼ ਉਸਾਰੀਆਂ ਦੱਸਕੇ ਦੋ ਸਾਲ ਤੋਂ ਨੋਟਿਸ ਜਾਰੀ ਕਰ ਰਿਹਾ ਸੀ। ਬਜ਼ੁਰਗਾਂ ਦੀ ਜਥੇਬੰਦੀ ਇਥੇ ਬਜ਼ੁਰਗਾਂ ਦੇ ਜਨਮਦਿਨ, ਮੈਡੀਕਲ ਕੈਂਪ, ਖੇਡ ਮੁਕਾਬਲੇ, ਕਵੀ ਦਰਬਾਰ ਤੇ ਸਨਮਾਨ ਸਮਾਗਮ ਕਰਵਾਉਂਦੀ ਆ ਰਹੀ ਸੀ। ਪਾਰਕ ਦੇ ਇਸ ਹਿੱਸੇ ਵਿੱਚ ਬਜ਼ੁਰਗਾਂ-ਬੱਚਿਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਸਿੰਚਾਈ ਵਿਭਾਗ ਦੁਕਾਨਾਂ ਤੇ ਦਫ਼ਤਰ ਵਾਲੀ ਥਾਂ ਨੂੰ ਸਰਕਾਰੀ ਜ਼ਮੀਨ ’ਤੇ ਨਜਾਇਜ਼ ਉਸਾਰੀਆਂ ਦੱਸ ਰਿਹਾ ਹੈ।