ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਭਾਜਪਾ ਦੇ ਆਗੂਆਂ ਵੱਲੋਂ ਸਰਹੱਦਾਂ ਉੱਪਰ ਤਾਇਨਾਤ ਭਾਰਤੀ ਜਵਾਨਾਂ ਦੀ ਸੁਰੱਖਿਆ ਹਿੱਤ ਤਿਰੰਗੇ ਝੰਡੇ ਉਪਰ ਪ੍ਰਤੀਕ ਵੱਜੋਂ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਸਲਾਮਤੀ ਮੰਗੀ ਗਈ। ਇੰਦਰਪੁਰੀ ’ਚ ਇਕ ਸਵੈ-ਸੇਵੀ ਸੰਸਥਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਬੁੱਧ ਵਿਹਾਰ ਦੀਆਂ ਔਰਤਾਂ ਨੇ ਤਿਰੰਗੇ ਨੂੰ ਰੱਖੜੀ ਬੰਨ੍ਹੀ ਤੇ ਬਹਾਦਰਾਂ ਦੀ ਸਲਾਮਤੀ ਦੀ ਆਸ ਕਾਇਮ ਰੱਖੀ। ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਰੱਖੜੀ ਸਮੇਂ ਭੈਣ ਆਪਣੇ ਵੀਰ ਨੂੰ ਰੱਖਿਆ ਸੂਤਰ ਬੰਨ੍ਹਦੀ ਹੈ ਪਰ ਅੱਜ ਤਿਰੰਗੇ ਨੂੰ ਰੱਖੜੀ ਬੰਨ੍ਹ ਕੇ ਅਸੀਂ ਸਭ ਆਪਣੇ ਅੰਦਰ ਦੇਸ਼ਭਗਤੀ ਦੀ ਭਾਵਨਾ ਪ੍ਰਗਟਾ ਰਹੇ ਹਾਂ।
ਦੇਸੀ ਰੱਖੜੀ ਨਾਲ ਚੀਨ ਨੂੰ 4000 ਕਰੋੜ ਰੁਪਏ ਦਾ ਰਗੜਾ ਲੱਗਾ: ਕੈੱਟ
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈੱਟ) ਵੱਲੋਂ ਦਾਅਵਾ ਕੀਤਾ ਗਿਆ ਕਿ ਭਾਰਤੀ ਵਪਾਰੀਆਂ ਵੱਲੋਂ ਚੀਨੀ ਸਾਮਾਨ ਦੇ ਬਾਈਕਾਟ ਤਹਿਤ ਰੱਖੜੀ ਦਾ ਬਾਈਕਾਟ ਕਰਨ ਦੀ ਮੁਹਿੰਮ ਨਾਲ ਚੀਨ ਨੂੰ 4 ਹਜ਼ਾਰ ਕਰੋੜ ਰੁਪਏ ਦਾ ਰਗੜਾ ਲੱਗਾ ਹੈ। ਕੈੱਟ ਵੱਲੋਂ ਕਿਹਾ ਗਿਆ ਕਿ 10 ਜੂਨ ਨੂੰ ਚੀਨੀ ਸਾਮਾਨ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਤੇ ਰੱਖੜੀ ਤਿਉਹਾਰ ਲਈ 1 ਕਰੋੜ ਰੱਖੜੀਆਂ ਔਰਤਾਂ ਤੋਂ ਤਿਆਰ ਕਰਵਾਈਆਂ ਗਈਆਂ। ਚੀਨ ਤੋਂ ਰੱਖੜੀ ਲਈ ਕੋਈ ਸਾਮਾਨ ਦਰਾਮਦ ਨਹੀਂ ਕੀਤਾ ਗਿਆ।