ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਤੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਜਿਸ ਤਰ੍ਹਾਂ ਦਿੱਲੀ ਵਾਸੀਆਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰਕੇ ਊਰਜਾ ਅਤੇ ਖ਼ਰੀਦ ਦਰਾਂ ਵਿੱਚ ਵਾਧਾ ਕੀਤਾ ਹੈ, ਉਸ ਦੀ ਹੋਰ ਮਿਸਾਲ ਲੱਭਣੀ ਮੁਸ਼ਕਲ ਹੈ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਬਿਜਲੀ ਕੰਪਨੀਆਂ ਨਾਲ ਮਿਲ ਕੇ ਹਰ ਮਹੀਨੇ 100 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਵਧੀਆਂ ਬਿਜਲੀ ਦਰਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਵਧੀਆਂ ਹੋਈਆਂ ਦਰਾਂ ਤੁਰੰਤ ਵਾਪਸ ਨਾ ਲਈਆਂ ਗਈਆਂ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਅੱਜ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੰਪਨੀਆਂ ਨੂੰ ਵਸੂਲੀ ਦੇ ਨਾਂ ’ਤੇ ਬਿਜਲੀ ਖਰੀਦ ਦਰਾਂ ਵਧਾਉਣ ਦੀ ਇਜਾਜ਼ਤ ਦੇਣਾ ਖਪਤਕਾਰਾਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 7000 ਮੈਗਾਵਾਟ ਹੈ ਪਰ ਫਿਕਸਡ ਤੇ ਪਾਵਰ ਖ਼ਰੀਦ ਅਤੇ ਡਿਸਟ੍ਰੀਬਿਊਸ਼ਨ ਚਾਰਜਿਜ਼ ਦੇ ਨਾਂ ’ਤੇ ਕੀਤੀ ਜਾ ਰਹੀ ਵਸੂਲੀ 21000 ਮੈਗਾਵਾਟ ਤੋਂ ਵੱਧ ਹੈ। ਇਸ ਸਬੰਧੀ ਮੁੱਖ ਮੰਤਰੀ ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਦਿਆਂ ਉਨ੍ਹਾਂ ਦੋਸ਼ ਲਾਇਆ ਕਿ ਹੁਣ ਮੁਫਤ ਬਿਜਲੀ ਅਤੇ ਪਾਣੀ ਦੇ ਨਾਂ ’ਤੇ ਲੋਕਾਂ ਨੂੰ ਵੱਡੇ ਝਟਕੇ ਲੱਗ ਰਹੇ ਹਨ ਪਰ ਦਿੱਲੀ ਭਾਜਪਾ ਹਰ ਪੱਧਰ ’ਤੇ ਕੇਜਰੀਵਾਲ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੀ ਰਹੇਗੀ।