ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਸਤੰਬਰ
ਭਾਜਪਾ ਵੱਲੋਂ ਸ਼ਰਾਬ ਕਾਰੋਬਾਰੀ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਦੇ ਬਹਾਨੇ ‘ਆਪ’ ਦੀ ਨਿਖੇਧੀ ਕੀਤੀ ਗਈ ਤੇ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਨਿਸ਼ਾਨੇ ਉਪਰ ਲਿਆ ਗਿਆ।
ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ‘ਆਪ’ ਦੇ ਆਗੂਆਂ ਵੱਲੋਂ ਨਜ਼ਦੀਕੀਆਂ ਨੂੰ ਉਸ ਸ਼ਰਾਬ ਨੀਤੀ ਤਹਿਤ ਸ਼ਰਾਬ ਦਾ ਠੇਕਾ ਦਿੱਤਾ ਗਿਆ ਜੋ ਹੁਣ ਸੂਬਾ ਸਰਕਾਰ ਨੇ ਵਾਪਸ ਲੈ ਲਈ ਹੈ। ਸ੍ਰੀ ਭਾਟੀਆ ਨੇ ਕਰਮਜੀਤ ਸਿੰਘ ਲਾਂਬਾ ਨਾਂ ਦੇ ਵਿਅਕਤੀ ਦੀ ਫੋਟੋ ਦਿਖਾਈ ਤੇ ਦਾਅਵਾ ਕੀਤਾ ਕਿ ਉਹ ਯੂਨੀਵਰਸਲ ਡਿਸਟਰੀਬਿਊਟਰਸ ਵਿੱਚ ਹਿੱਸੇਦਾਰ ਸੀ ਤੇ ਉਸ ਨੇ ‘ਆਪ’ ਦੀ ਟਿਕਟ ਉਪਰ ਸਥਾਨਕ ਸਰਕਾਰਾਂ ਲਈ ਚੋਣ ਵੀ ਲੜੀ ਸੀ। ਸ੍ਰੀ ਭਾਟੀਆ ਨੇ ਕਰਮਜੀਤ ਸਿੰਘ ਲਾਂਬਾ ਦੀ ਤਸਵੀਰ ਵਾਲਾ ਇੱਕ ਸਟਿੱਕਰ ਵੀ ਦਿਖਾਇਆ ਜਿਸ ਉਪਰ ‘ਆਪ’ ਵਿਧਾਇਕ ਸੌਰਭ ਭਾਰਦਵਾਜ ਵੀ ਤਸਵੀਰ ਵੀ ਵੱਖਰੇ ਤੌਰ ’ਤੇ ਛਪੀ ਹੋਈ ਸੀ। ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਸਰਕਾਰ ਸਾਫ਼ ਕਰੇ ਕਿ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਉਨ੍ਹਾਂ ਲੋਕਾਂ ਨੂੰ ਰਿਊੜੀਆਂ ਕਿਵੇਂ ਵੰਡੀਆਂ ਜੋ ਲੋਕ ਪਾਰਟੀ ਤੇ ਮੁੱਖ ਮੰਤਰੀ ਦੇ ਕਰੀਬੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਦੇ ਠੇਕੇ ਵੰਡਣ ਵੇਲੇ ਪਾਦਰਸ਼ਤਾ ਨਹੀਂ ਰੱਖੀ ਗਈ ਤੇ ਦਿੱਲੀ ਸਰਕਾਰ ਨੇ ਕਾਇਦੇ ਕਾਨੂੰਨ ਦੀ ਕਥਿਤ ਅਣਦੇਖੀ ਕੀਤੀ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਵੱਲੋਂ ਵੀ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਸਰਕਾਰ ਦੀ ਨਿੰਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੱਲੋਂ ਸ਼ਰਾਬ ਨੀਤੀ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਸੀ। ਸੂਬਾ ਸਰਕਾਰ ਨੇ ਹਾਲਤ ਦੇਖਦੇ ਹੋਏ ਨਵੀਂ ਸ਼ਰਾਬ ਨੀਤੀ ਵਾਪਸ ਲੈ ਲਈ ਸੀ ਤੇ 1 ਸਤੰਬਰ ਤੋਂ ਦਿੱਲੀ ਸਰਕਾਰ ਦੀ ਪੁਰਾਣੀ ਨੀਤੀ ਲਾਗੂ ਕਰ ਦਿੱਤੀ ਸੀ। ‘ਆਪ’ ਵੱਲੋਂ ਲਗਾਤਾਰ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਦਾ ਸ਼ਰਾਬ ਨੀਤੀ ਦੇ ਬਹਾਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਨੋਂ-ਦਿਨ ਵਧਦੇ ਅਸਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗੁਜਰਾਤ ਵਿੱਚ ‘ਆਪ’ ਭਾਜਪਾ ਨੂੰ ਟੱਕਰ ਦੇਣ ਲਈ ਮਜ਼ਬੂਤ ਹੋ ਰਹੀ ਹੈ। ਸ੍ਰੀ ਭਾਟੀਆ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਨਵੀਂ ਨੀਤੀ ਤਹਿਤ ਸਬੰਧਤ ਵਿਅਕਤੀ ਦਾ ਹਿੱਸਾ 66 ਕਰੋੜ ਸੀ।
ਜੇ ਕੋਈ ਗੜਬੜ ਹੈ ਤਾਂ ਗ੍ਰਿਫ਼ਤਾਰ ਕਰੋ: ਦਲੀਪ ਪਾਂਡੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਵਿਧਾਇਕ ਦਲੀਪ ਪਾਂਡੇ ਨੇ ਦੋਸ਼ ਲਾਇਆ ਕਿ ਭਾਜਪਾ ਗੁਜਰਾਤ ਵਿੱਚ ਆਪਣੀ ਹਾਰ ਦੀ ਆਹਟ ਮਹਿਸੂਸ ਕਰ ਰਹੀ ਹੈ ਕਿ ਉਸੇ ਕਰਕੇ ਭਾਜਪਾ ਵਿੱਚ ਘਬਰਾਹਟ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਜਿਵੇਂ ਸੀਬੀਆਈ, ਈਡੀ, ਆਮਦਨ ਕਰ ਵਿਭਾਗ ਤੇ ਪੁਲੀਸ ਇਨ੍ਹਾਂ ਕੋਲ ਹੈ ਤੇ ਸਾਰੀਆਂ ਤਾਕਤਾਂ ਭਾਜਪਾ ਸਰਕਾਰ ਕੋਲ ਹਨ। ਉਨ੍ਹਾਂ ਕਿਹਾ ਕਿ ਐਨੀ ਤਾਕਤ ਹੋਣ ਦੇ ਬਾਵਜੂਦ ਭਾਜਪਾ ਵਾਲੇ ਸਾਡਾ, ਪੱਤਰਕਾਰਾਂ ਦਾ ਸਮਾਂ ਖਰਾਬ ਕੀਤਾ ਜਾ ਰਿਹਾ ਹੈ। ਰੋਜ਼ਾਨਾ ਪ੍ਰੈੱਸ ਕਾਨਫਰੰਸਾਂ ਕਰਕੇ ਨੌਟੰਕੀ ਕੀਤੀ ਜਾਂਦੀ ਹੈ ਤੇ ਸਮਾਂ ਬਿਤਾਉਂਦੇ ਹਨ। ਉਨ੍ਹਾਂ ਕਿਹਾ ਕਿ ਜੋ ਭਾਜਪਾ ਦੇ ਦਾਅਵੇ ਹਨ ਉਨ੍ਹਾਂ ਬਾਰੇ ਜਵਾਬ ਹਾਸਲ ਕਰਨ ਲਈ ਤੇ ਭਾਜਪਾ ਦੇ ਦਾਅਵਿਆਂ ਵਿੱਚ ਸਚਾਈ ਦੱਸਣ ਲਈ ਕੁੱਝ ਕਰਦੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਉਲਟੇ-ਪੁਲਟੇ ਨਾਂ, ਬੇ ਸਿਰ ਪੈਰ ਦੀਆਂ ਤਸਵੀਰਾਂ, ਇਹ ਤਸਵੀਰ ਦੇਖੋ, ਉਹ ਤਸਵੀਰ ਦੇਖੋ, ਇਸ ਦਾ ਹੱਥ ਫੜਿਆ, ਇਹ ਕੀ ਮਜ਼ਾਕ ਬਣਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੋਈ ਗੜਬੜ ਹੈ ਤਾਂ ਗ੍ਰਿਫ਼ਤਾਰ ਕਰੋ, ਕਿਉਂ ਨਹੀਂ ਕਰ ਰਹੇ। ਸੀਬੀਆਈ ਤੇ ਹੋਰ ਏਜੰਸੀਆਂ ਤੁਹਾਡੇ ਕੋਲ ਹਨ ਕਿਉਂ ਨਹੀਂ ਕਾਰਵਾਈ ਕਰਦੇ।