ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜਨਵਰੀ
‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਦਿੱਲੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਨਿੱਜੀ ਵਰਤੋਂ ਲਈ ਐੱਮਸੀਡੀ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਆਦੇਸ਼ ਗੁਪਤਾ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਐੱਮਸੀਡੀ ਦੀ ਜ਼ਮੀਨ ’ਤੇ ਆਪਣਾ ਸਿਆਸੀ ਦਫ਼ਤਰ ਬਣਾਇਆ ਹੈ। ਦਿੱਲੀ ਹਾਈਕੋਰਟ ਨੇ ਖੁਦ ਆਦੇਸ਼ ਗੁਪਤਾ ਦੇ ਖ਼ਿਲਾਫ਼ ਗੈਰਕਾਨੂੰਨੀ ਨਿਰਮਾਣ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦਾ ਮੁਖੀ ਹੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ ਤਾਂ ਉਸ ਦੇ ਸਾਰੇ ਕੌਂਸਲਰਾਂ ਤੇ ਵਰਕਰਾਂ ਨੇ ਕੀ ਕੀਤਾ ਹੋਵੇਗਾ? ਭਾਰਤੀ ਜਨਤਾ ਪਾਰਟੀ ਉੱਚੀਆਂ ਗੱਲਾਂ ਕਰਦੀ ਹੈ ਕਿ ਇਹ ਸਾਫ਼ ਸੁਥਰੀ ਪਾਰਟੀ ਹੈ ਪਰ ਅਸਲੀ ਕਿਰਦਾਰ ਕੁਝ ਹੋਰ ਹੀ ਝਲਕਦਾ ਹੈ। ਲੋਕਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ’ਤੇ ਸੋਚਣਾ ਹੋਵੇਗਾ। ਪਾਠਕ ਨੇ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੋਵੇਗੀ ਕਿ ਇੱਕ ਵਿਅਕਤੀ, ਜੋ ਐੱਮਸੀਡੀ ਦਾ ਮੇਅਰ ਰਹਿ ਚੁੱਕਾ ਹੈ ਤੇ ਹੁਣ ਇੱਕ ਪਾਰਟੀ ਦਾ ਮੁਖੀ ਹੈ, ਨੇ ਐੱਮਸੀਡੀ ਦੀ ਜ਼ਮੀਨ ’ਤੇ ਆਪਣਾ ਸਿਆਸੀ ਦਫ਼ਤਰ ਬਣਾਇਆ ਕਿਉਂਕਿ ਐੱਮਸੀਡੀ ਉਨ੍ਹਾਂ (ਭਾਜਪਾ) ਦੀ ਹੈ, ਇਸ ਲਈ ਉਨ੍ਹਾਂ ਨੇ ਕਾਰਵਾਈ ਨਹੀਂ ਕੀਤੀ।
ਸਰਕਾਰੀ ਜ਼ਮੀਨ ’ਤੇ ਕਬਜ਼ਾ, ਭਾਜਪਾ ਤੇ ‘ਆਪ’ ਦੀ ਮਿਲੀਭੁਗਤ: ਚੌਬੇ
ਸਵਰਾਜ ਇੰਡੀਆ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਐੱਸਕੇ ਚੌਬੇ ਨੇ ਦੱਸਿਆ ਕਿ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਨਿਗਮ ਦੀ ਉਸ ਜ਼ਮੀਨ ’ਤੇ ਕਬਜ਼ਾ ਕੀਤਾ ਹੈ, ਜਿਥੇ ਜ਼ਿਮਨੇਜ਼ੀਅਮ ਬਣਿਆ ਹੋਇਆ ਸੀ। ਇਸ ਜਗ੍ਹਾ ’ਤੇ ਕਬਜ਼ਾ ਕਰਨ ’ਚ ਸਿਰਫ ਆਦੇਸ਼ ਗੁਪਤਾ ਦਾ ਹੀ ਹੱਥ ਨਹੀਂ ਹੈ, ਸਗੋਂ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਨੇਤਾ ਦਾ ਵੀ ਹੱਥ ਹੋ ਸਕਦਾ ਹੈ ਕਿਉਂਕਿ ਇਸ ਕਬਜ਼ੇ ਵਾਲੀ ਸਰਕਾਰੀ ਜਗ੍ਹਾ ’ਤੇ ਬੀ.ਐੱਸ.ਐੱਸ. ਨੇ ਕੁਨੈਕਸ਼ਨ ਦਿੱਤਾ ਹੈ, ਉਸੇ ਜਲ ਬੋਰਡ ਨੇ ਪਾਣੀ ਦਾ ਕੁਨੈਕਸ਼ਨ ਵੀ ਦਿੱਤਾ ਹੈ। ਇਸੇ ਗੱਲ ਤੋਂ ਪੁਸ਼ਟੀ ਹੁੰਦੀ ਹੈ ਕਿ ਦੋਵਾਂ ਪਾਰਟੀਆਂ ਦੀ ਮਿਲੀਭੁਗਤ ਹੈ।