ਨਵੀਂ ਦਿੱਲੀ, 6 ਸਤੰਬਰ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਵਿਧੂੜੀ ਦੀ ਅਗਵਾਈ ਵਿੱਚ ਭਾਜਪਾ ਦੇ ਵਿਧਾਇਕਾਂ ਨੇ ਅੱਜ ਇੱਥੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਤੇ ਕਾਰਕੁਨਾਂ ਨੇ ਸਿਸੋਦੀਆ ਨੂੰ ਕਥਿਤ ਆਬਕਾਰੀ ਘੁਟਾਲੇ ਵਿੱਚ ਸਰਕਾਰ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚ ਭਾਜਪਾ ਦੇ ਹੋਰ ਆਗੂ ਤੇ ਵਰਕਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਭਾਜਪਾ ਕਾਰਕੁਨ ਜਦੋਂ ਸਿਸੋਦੀਆ ਦੀ ਮਥੁਰਾ ਰੋਡ ਸਥਿਤ ਰਿਹਾਇਸ਼ ਵੱਲ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਨੂੰ ਪੁਲੀਸ ਨੇ ਰਾਹ ਵਿਚ ਰੋਕ ਲਿਆ। ਇਸ ਦੌਰਾਨ ਵਿਧੂੜੀ ਨੇ ਕਿਹਾ, ‘ਅਸੀਂ ਕਈ ਮਹੀਨਿਆਂ ਤੋਂ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ ਵਿੱਚ ਘੁਟਾਲੇ ਨੂੰ ਉਭਾਰ ਰਹੇ ਹਾਂ ਪਰ ਨਾ ਤਾਂ ਮੁੱਖ ਮੰਤਰੀ ਨੇ ਤੇ ਨਾ ਹੀ ਸਿਸੋਦੀਆ ਨੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ। ਜਦੋਂ ਤੱਕ ਸਿਸੋਦੀਆ ਨੂੰ ਸਰਕਾਰ ਤੋਂ ਹਟਾਇਆ ਨਹੀਂ ਜਾਂਦਾ ਭਾਜਪਾ ਵਰਕਰ ਚੁੱਪ ਨਹੀਂ ਬੈਠਣਗੇ’’।
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ‘ਆਪ’ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਬਰਖਾਸਤ ਕਰਨ ਦੀ ਮੰਗ ਕਰਨਗੇ।
ਉਨ੍ਹਾਂ ਦੱਸਿਆ ਕਿ ਦਿੱਲੀ ਭਾਜਪਾ ਦੇ ਵਿਧਾਇਕਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਮੰਗਲਵਾਰ ਨੂੰ ਤੈਅ ਸੀ, ਪਰ ਹੁਣ ਕੁਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਹੈ। -ਪੀਟੀਆਈ
ਭਾਜਪਾ ਨੇ ਸਿਸੋਦੀਆ ਦੀ ਬਰਖਾਸਤਗੀ ਲਈ ਹਸਤਾਖ਼ਰ ਮੁਹਿੰਮ ਚਲਾਈ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਭਾਜਪਾ ਆਗੂਆਂ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕਥਿਤ ਸ਼ਰਾਬ ਘੁਟਾਲੇ ਕਾਰਨ ਦਿੱਲੀ ਸਰਕਾਰ ਵਿੱਚੋਂ ਬਰਖਾਸਤ ਕਰਨ ਦੀ ਮੰਗ ਲਈ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਹੈ। ਭਾਜਪਾ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਆਦੇਸ਼ ਗੁਪਤਾ, ਸੰਸਦ ਮੈਂਬਰ ਮਨੋਜ ਤਿਵਾੜੀ, ਰਮੇਸ਼ ਵਿਧੂੜੀ ਸਣੇ ਹੋਰ ਕਈ ਆਗੂਆਂ ਨੇ ਕੌਮੀ ਰਾਜਧਾਨੀ ਦੇ ਕਰੀਬ 20 ਮੈਟਰੋ ਸਟੇਸ਼ਨਾਂ ਦੇ ਅੱਗੇ ਤੇ ਹੋਰ ਅਹਿਮ ਥਾਵਾਂ ’ਤੇ ਚਲਾਈ ਹਸਤਾਖਰ ਮੁਹਿੰਮ ਵਿੱਚ ਹਿੱਸਾ ਲਿਆ ਤੇ ਲੋਕਾਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੋਲ ਬਾਗ ਸਥਿਤ ਮੈਟਰੋ ਸਟੇਸ਼ਨ ਅੱਗੇ ਆਦੇਸ਼ ਗੁਪਤਾ ਨੇ ਕਿਹਾ, ‘‘ਭਾਜਪਾ ਵੱਲੋਂ ਜਾਰੀ ਕੱਲ੍ਹ ਦੇ ਸਟਿੰਗ ਵੀਡੀਓ ਵਿੱਚ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ ਵਿੱਚ ਘੁਟਾਲਾ ਹੋਇਆ ਹੈ। ਅਸੀਂ ਸਿਸੋਦੀਆ ਨੂੰ ਬਰਖਾਸਤ ਕਰਨ ਲਈ ਲੋਕਾਂ ਦਾ ਸਮਰਥਨ ਮੰਗ ਰਹੇ ਹਾਂ ਕਿਉਂਕਿ ‘ਆਪ’ ਸਰਕਾਰ ਨੇ ਹੁਣ ਤੱਕ ਘੁਟਾਲੇ ਨਾਲ ਸਬੰਧਤ ਸਵਾਲਾਂ ਦਾ ਜਵਾਬ ਦੇਣ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ।’’ ਦੱਸਣਯੋਗ ਹੈ ਕਿ ਮਨੀਸ਼ ਸਿਸੋਦੀਆ ਹੁਣ ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਤੇ ਆਬਕਾਰੀ ਨੀਤੀ 2021-22 ਵਿੱਚ ਕਥਿਤ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਉਹ ਇਕ ਹਨ।